ਕਿਹਾ, ਤਾਪਮਾਨ ‘ਚ ਅਚਾਨਕ ਹੋਏ ਵਾਧੇ ਕਾਰਨ ਕਣਕ ਦੀ ਫਸਲ ਨੂੰ ਪਾਣੀ ਦੇਣ ਦੀ ਲੋੜ
ਪਠਾਨਕੋਟ, 24 ਮਾਰਚ (ਪੰਜਾਬ ਪੋਸਟ ਬਿਊਰੋ) – ਤਾਪਮਾਨ ‘ਚ ਹੋਏ ਅਚਨਚੇਤ ਵਾਧੇ ਕਾਰਨ ਕਣਕ ਦੇ ਸਿੱਟਿਆਂ ਉਪਰ ਜਾਮਣੀ ਰੰਗ ਦੇ ਧੱਬੇ ਪੈਣ ਕਾਰਨ
ਕਿਸਾਨਾਂ ਵਿੱਚ ਘਬਰਾਹਟ ਪਾਈ ਜਾ ਰਹੀ ਅਤੇ ਕਈ ਕਿਸਾਨ ਉਲੀਨਾਸ਼ਕ ਜ਼ਹਿਰਾਂ ਦਾ ਛਿੜਕਾਅ ਵੀ ਕਰ ਰਹੇ, ਜਿਸ ਦਾ ਇਸ ਸਮੇਂ ਕੋਈ ਫਾਇਦਾ ਨਹੀਂ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਚੱਕ ਚਿਮਨਾਂ ‘ਚ ਗੋਪਾਲ ਮੋਹਣ ਦੀ ਕਣਕ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਕਹੇ।ਅਰਮਾਨ ਮਹਾਜਨ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ), ਜੀਵਨ ਲਾਲ, ਸੰਸਾਰ ਸਿੰਘ ਸਮੇਤ ਕਈ ਹੋਰ ਕਿਸਾਨ ਇਸ ਸਮੇਂ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮੀ ਤਬਦੀਲੀ ਕਾਰਨ ਇਸ ਵਾਰ ਦਿਨ ਦੇ ਤਾਪਮਾਨ ਵਿੱਚ ਅਚਾਨਕ ਵਾਧਾ ਦਰਜ਼ ਕੀਤਾ ਗਿਆ ਹੈ।ਜਿਸ ਕਾਰਨ ਕਣਕ ਦੀ ਫਸਲ ਵਧੇਰੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।ਉਨਾਂ ਕਿਹਾ ਕਿ ਕਣਕ ਖਾਸ ਕਰਕੇ ਦਾਣੇ ਬਨਣ ਸਮੇਂ ਵਧੇਰੇ ਤਾਪਮਾਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੀ ਹੈ,ਜਿਸ ਕਾਰਨ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਅਤੇ ਭਾਰ ਉਤੇ ਉਚ ਤਾਪਮਾਨ ਦਾ ਬੁਰਾ ਪ੍ਰਭਾਵ ਪੈਣ ਕਾਰਨ ਕਣਕ ਦੀ ਪੈਦਾਵਾਰ ਅਤੇ ਮਿਆਰੀਪਣ ਵਿੱਚ ਗਿਰਾਵਟ ਆ ਸਕਦੀ ਹੈ।ਉਨਾਂ ਕਿਹਾ ਆਮ ਕਰਕੇ ਮਾਰਚ ਦੇ ਮਹੀਨਾ ਕੁੱਝ ਠੰਢਾ ਰਹਿਣ ਕਾਰਨ ਕਣਕ ਦੀ ਫਸਲ ਨੂੰ ਅਨੁਕੂਲ਼ ਹਾਲਾਤ ਮਿਲ ਜਾਂਦੇ ਸਨ ਖਾਸ ਕਰਕੇ ਬਾਰਨੀ ਖੇਤਰਾਂ ਵਿੱਚ।ਉਨਾਂ ਕਿਹਾ ਕਿ ਬਾਰਾਨੀ ਖੇਤਰਾਂ ਵਿੱਚ ਇਸ ਸਮੇਂ ਕਣਕ ਦੀ ਫਸਲ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਅਤੇ ਜੇਕਰ ਇਸ ਸਮੇਂ ਕਣਕ ਦੀ ਫਸਲ ਨੂੰ ਪਾਣੀ ਨਾਂ ਮਿਲਿਆ ਤਾਂ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ।ਉਨਾਂ ਕਿਹਾ ਕਿ ਸਿੰਚਿਤ ਖੇਤਰਾਂ ਵਿੱਚ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਪੈਦਾਵਾਰ ਤੇ ਕਿਸੇ ਕਿਸਮ ਦਾ ਬੁਰਾ ਪ੍ਰਭਾਵ ਨਾਂ ਪਵੇ।ਉਨਾਂ ਕਿਹਾ ਕਿ ਸਿੰਚਾਈ ਕਰਨ ਲੱਗਿਆਂ ਮੌਸਮ ਅਤੇ ਹਵਾ ਦੀ ਰਫਤਾਰ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਕਣਕ ਦੀ ਫਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਵਧੇ ਤਾਪਮਾਨ ਕਾਰਨ ਕਣਕ ਦੇ ਸਿੱਟਿਆਂ ਉਪਰ ਜਾਮਣੀ ਰੰਗ ਦੇ ਧੱਬੇ ਪੈ ਗਏ ਹਨ, ਜਿਸ ਕਾਰਨ ਕਿਸਾਨਾਂ ਅੰਦਰ ਘਬਰਾਹਟ ਪੈਦਾ ਹੋ ਰਹੀ ਹੈ। ਉਨਾਂ ਕਿਹਾ ਕਿ ਇਹ ਇੱਕ ਕੁਦਰਤੀ ਵਰਤਾਰਾ ਹੈ ਜਿਸ ਕਾਰਨ ਕਿਸਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਘਬਰਾਹਟ ਵਿੱਚ ਦੇਖਾ ਦੇਖੀ ਕਿਸੇ ਕਿਸਮ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਇਹ ਸਮੱਸਿਆ ਤਕਰੀਬਨ ਕਣਕ ਦੀਆਂ ਸਾਰੀਆਂ ਕਿਸਮਾਂ ਉਪਰ ਹੀ ਪਾਈ ਗਈ ਹੈ।ਉਨਾਂ ਕਿਹਾ ਕਿ ਇਨਾਂ ਜਾਮਣੀ ਧੱਬਿਆਂ ਦਾ ਦਾਣਿਆਂ ‘ਤੇ ਕੋਈ ਬੁਰਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਇਹ ਧੱਬੇ ਛਿਲਕੇ ਤੱਕ ਹੀ ਸੀਮਤ ਹਨ।ਉਨਾਂ ਕਿਹਾ ਕਿ ਇਸ ਕੁਦਰਤੀ ਸਮੱਸਿਆ ਦੇ ਇਲਾਜ ਲਈ ਕਿਸੇ ਕਿਸਮ ਤਰਾਂ ਦੀ ਕੀਟਨਾਸ਼ਕ ਜਾਂ ਉਲੀਨਾਸ਼ਕ ਰਸਾਇਣ ਦੇ ਛਿੜਕਾਅ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਖੇਤੀ ਲਾਗਤ ਖਰਚਾ ਵਧੇਗਾ ਅਤੇ ਆਮਦਨ ਘਟੇਗੀ।
Punjab Post Daily Online Newspaper & Print Media