ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਤੇ ਜੋਨ ਮੁਖੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਜਥੇਬੰਦਕ ਮੁਖੀ ਹੇਮਰਾਜ ਸਟੈਨੋ ਦੀ ਪ੍ਰਧਾਨਗੀ ‘ਚ ਹੋਈ।ਇਸ ਮੀਟਿੰਗ ਦਾ ਵਿਸ਼ੇਸ਼ ਏਜੰਡਾ ਪੰਜ਼ ਗਰਾਈਆਂ ਪਿੰਡ ਦੀ ਲੜਕੀ ਦੇ ਪੁਨਰ ਜਨਮ ਸੰਬੰਧੀ ਵਾਇਰਲ ਵੀਡੀਓ ਸੀ।ਜਿਸ ‘ਤੇ ਸਾਰਿਆਂ ਦੀ ਸਾਂਝੀ ਰਾਏ ਸੀ ਕਿ ਜੇ ਲੜਕੀ ਦੇ ਮਾਪੇ ਪੁਨਰਜਨਮ ਸੰਬੰਧੀ ਪੜਤਾਲ ਕਰਵਾਉਣ ਦੀ ਸਹਿਮਤੀ ਦਿੰਦੇ ਹਨ ਤਾਂ ਪੰਚਾਇਤ ਦੀ ਹਾਜ਼ਰੀ ਵਿੱਚ ਤਰਕਸ਼ੀਲ ਸੁਸਾਇਟੀ ਪੜਤਾਲ ਕਰਨ ਲਈ ਤਿਆਰ ਹੈ ਅਤੇ ਪੁਨਰਜਨਮ ਦੀ ਵਿਸਥਾਰਤ ਵਿਗਿਆਨਕ ਵਿਆਖਿਆ ਜ਼ਰੂਰ ਦਿੱਤੀ ਜਾਵੇਗੀ।ਇਸ ਸੰਬੰਧੀ ਸਮੇਂ ਸਮੇਂ ਕੀਤੀਆਂ ਪੜਤਾਲਾਂ ਬਾਰੇ ਵੀ ਜ਼ਿਕਰ ਕੀਤਾ ਜਾਵੇਗਾ।ਹੇਮ ਰਾਜ ਸਟੈਨੋ ਨੇ ਕਿਹਾ ਤਰਕਸ਼ੀਲ ਸੁਸਾਇਟੀ ਇਕ ਜਥੇਬੰਦਕ ਤੇ ਵਿਚਾਰਧਾਰਕ ਸੰਸਥਾ ਹੈ, ਉਹ ਲੋਕਾਂ ਸਾਹਮਣੇ ਹਰ ਵਰਤਾਰੇ ਤੇ ਘਟਨਾ ਦੀ ਵਿਗਿਆਨਕ ਵਿਆਖਿਆ ਨਾਲ ਸਚਾਈ ਪੇਸ਼ ਕਰਦੀ ਹੈ।ਇਸ ਘਟਨਾ ਦੀ ਵਿਆਖਿਆ ਪ੍ਰਿੰਟ ਤੇ ਇਲੈਕਟਰੋਨਿਕ ਮੀਡੀਏ ਤੇ ਦੇਣ ਲਈ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਪੁਨਰਜਨਮ ਸੰਬੰਧੀ ਇਕ ਵਿਸਥਾਰਤ ਰਿਪੋਰਟ ਤਰਕਸ਼ੀਲ ਸੁਸਾਇਟੀ ਦੇ ਯੂ.ਟਿਊਬ ਚੈਨਲ ਤਰਕਸ਼ੀਲ ਟੀ.ਵੀ ‘ਤੇ ਦੇਣ ਲਈ ਸੂਬਾ ਮੁਖੀ ਰਜਿੰਦਰ ਭਦੌੜ ਨੂੰ ਜਿਮੇਵਾਰੀ ਸੌਂਪੀ ਗਈ।ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਤਰਕਸ਼ੀਲ ਸੁਸਾਇਟੀ ਦੀ ਹੁਣ ਤਕ ਦੀਆਂ ਪੜਤਾਲਾਂ ਵਿੱਚ ਇਹ ਸਿੱਟਾ ਨਿਕਲਿਆ ਹੈ ਕਿ ਪੁਨਰਜਨਮ ਦੀਆਂ ਗੱਲਾਂ ਬੱਚੇ ਵਿੱਚ ਤਿੰਨ ਤੋਂ ਪੰਜ ਸਾਲ ਦੀ ਉਮਰ ਵਿੱਚ ਉਤਪੰਨ ਹੁੰਦੀਆਂ ਹਨ।ਬੱਚਾ ਆਪਣੇ ਪੁਨਰ ਜਨਮ ਸੰਬੰਧੀ ਕੁੱਝ ਗੱਲਾਂ ਕਰਦਾ ਹੈ।ਜੇਕਰ ਉਸਦੀਆਂ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਉਹ 6 ਕੁ ਸਾਲ ਦੀ ਉਮਰ ਵਿੱਚ ਜਾ ਕੇ ਇਹ ਗੱਲਾਂ ਆਪਣੇ ਆਪ ਬੰਦ ਕਰ ਦਿੰਦਾ ਹੈ, ਜੋ ਕਿ ਇਕ ਮਾਨਸਿਕ ਅਵੱਸਥਾ ਅਧੀਨ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਬੱਚੇ ਵਲੋਂ ਕਹੀਆਂ ਗੱਲਾਂ ‘ਤੇ ਯਕੀਨ ਕਰਕੇ ਜੇਕਰ ਉਸ ਵਲੋਂ ਦੱਸੇ ਸ਼ਹਿਰ ਜਾਂ ਪਿੰਡ ਵਿੱਚ ਲਿਜਾਇਆ ਜਾਵੇ ਤਾਂ ਉਥੇ ਕੁੱਝ ਵੀ ਨਹੀਂ ਮਿਲਦਾ।ਪਰ ਜਦੋਂ ਪੁਨਰਜਨਮ ਵਿੱਚ ਯਕੀਨ ਕਰਨ ਵਾਲੇ ਲੋਕੀਂ ਇਸ ਗੱਲ ਲਈ ਯਤਨਸ਼ੀਲ ਹੁੰਦੇ ਹਨ ਤਾਂ ਕੋਈ ਨਾ ਕੋਈ ਲੜੀ ਦੋਹਾਂ ਪਰਿਵਾਰਾਂ ਨੂੰ ਜਾਨਣ ਵਾਲੀ ਇਕ ਦੂਜੇ ਦੇ ਪਰਿਵਾਰਾਂ ਬਾਰੇ ਦੱਸਣ ਵਾਲੀ ਸ਼ਾਮਲ ਹੋ ਜਾਂਦੀ ਹੈ।ਉਸ ਸਮੇਂ ਕੁੱਝ ਕੁ ਗੱਲਾਂ ਉਹ ਬੱਚਾ ਸਬੰਧਿਤ ਪਰਿਵਾਰਾਂ ਦੀ ਗ੍ਰਹਿਣ ਕਰ ਲੈਂਦਾ ਹੈ।
ਆਗੂਆਂ ਦੱਸਿਆ ਕਿ ਸੁਸਾਇਟੀ ਨੇ ਹੁਣ ਤਕ ਜਿੰਨੇ ਵੀ ਕੇਸਾਂ ਦੀ ਪੜਤਾਲ ਕੀਤੀ ਹੈ, ਬੱਚਾ 8 ਤੋਂ 10 ਸਵਾਲਾਂ ਦੇ ਜਵਾਬ ਹੀ ਦੇ ਪਾਉਂਦਾ ਹੈ।ਬਹੁਤ ਸਾਰੇ ਸਵਾਲ ਜਿਹੜੇ ਪਿੱਛਲੇ ਜਨਮ ਨਾਲ ਅਤੀ ਨੇੜਿਓਂ ਸੰਬੰਧ ਰੱਖਦੇ ਹੁੰਦੇ ਹਨ।ਉਨ੍ਹਾਂ ਦੇ ਜਵਾਬ ਉਹ ਬੱਚਾ ਨਹੀਂ ਦੇ ਪਾਉਂਦਾ।ਸੋ ਤਰਕਸ਼ੀਲ ਸੁਸਾਇਟੀ ਪੁਨਰ ਜਨਮ ਨੂੰ ਸੱਚ ਨਹੀਂ ਮੰਨਦੀ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮਾਸਟਰ ਰਜਿੰਦਰ ਭਦੌੜ, ਬਲਵੀਰ ਲੌਂਗੋਵਾਲ, ਗੁਰਪ੍ਰੀਤ ਸ਼ਹਿਣਾ, ਜੁਝਾਰ ਲੌਂਗੋਵਾਲ, ਰਜੇਸ਼ ਅਕਲੀਆ ਤੇ ਸੁਖਦੇਵ ਧੂਰੀ ਨੇ ਵੀ ਸ਼ਮੂਲੀਅਤ ਕੀਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media