ਪਿੰਡ ਜਲਾਹ ਮਾਜ਼ਰਾ ‘ਚ ਬਣਾਈ ਗਈ ਪਿੰਡ ਪੱਧਰੀ ਇਕਾਈ
ਸਮਰਾਲਾ, 29 ਮਾਰਚ (ਸਮਰਾਲਾ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਨ ਲਈ
ਪਿੰਡ-ਪਿੰਡ ਪੱਧਰ ਤੇ ਇਕਾਈਆਂ ਬਣਾਉਣ ਦਾ ਫੈਸਲਾ ਕੀਤਾ ਹੈ।ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਮਾਛੀਵਾੜਾ ਦੇ ਪ੍ਰਧਾਨ ਮੋਹਣ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਪਿੰਡ ਜਲਾਹ ਮਾਜ਼ਰਾ ਵਿਖੇ ਪਿੰਡ ਪੱਧਰ ਦੀ ਇਕਾਈ ਬਣਾਈ ਗਈ।ਜਿਸ ਵਿੱਚ ਵੱਖ-ਵੱਖ ਅਹੁੱਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿੱਚ ਸੁਖਵਿੰਦਰ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਮੀਤ ਪ੍ਰਧਾਨ ਅਤੇ ਅੰਮ੍ਰਿਤ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ।
ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸਾਨੀ ਸੰਘਰਸ਼ ਨੂੰ ਅਜੇ ਹੋਰ ਲਾਮਬੰਦ ਕਰਨਾ ਪੈਣਾ ਹੈ, ਤਾਂ ਜੋ ਪਿਛਲੇ ਕਈ ਦਹਾਕਿਆਂ ਤੋਂ ਕਿਸਾਨਾਂ ਅਤੇ ਮਜਦੂਰਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਨੱਥ ਪਾਈ ਜਾ ਸਕੇ।ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲ ਸਕੇ, ਅਜਿਹਾ ਕੁੱਝ ਤਾਂ ਹੀ ਹੋ ਸਕਦਾ ਹੈ, ਜਦੋਂ ਪਿੰਡ-ਪਿੰਡ ਪੱਧਰ ਤੱਕ ਦੀਆਂ ਇਕਾਈਆਂ ਕਾਇਮ ਹੋ ਸਕਣਗੀਆਂ।ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਪੂਰੇ ਪੰਜਾਬ ਵਿੱਚ ਇਹ ਮੁਹਿੰਮ ਜਾਰੀ ਕਰਕੇ ਪਿੰਡ ਪਿੰਡ ਪੱਧਰ ਤੱਕ ਯੂਨੀਅਨ ਦੀਆਂ ਇਕਾਈਆਂ ਬਣਾਈਆਂ ਜਾਣਗੀਆ।ਨਵੇਂ ਚੁਣੇ ਪ੍ਰਧਾਨ ਸੁਖਵਿੰਦਰ ਸਿੰਘ ਕਿਹਾ ਕਿ ਅੱਜ ਦਾ ਕਿਸਾਨ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕਾ ਹੈ, ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਯੂਨੀਅਨ (ਕਾਦੀਆਂ) ਦਾ ਅਹਿਮ ਰੋਲ ਹੈ, ਯੂਨੀਅਨ ਵਲੋਂ ਜੋ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ।
ਪਿੰਡ ਜਲਾਹ ਮਾਜਰਾ ਵਿਖੇ ਇਕਾਈ ਦੀ ਚੋਣ ਸਮੇਂ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਨੇਤਰ ਸਿੰਘ, ਸਰਵਣ ਸਿੰਘ, ਬਹਾਦਰ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਮਨਰਾਜ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ, ਗੁਰਜੀਤ ਸਿੰਘ, ਭਵਨਜੀਤ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਸੀਨੀ: ਮੀਤ ਪ੍ਰਧਾਨ ਹਾਜ਼ਰ ਸਨ।
Punjab Post Daily Online Newspaper & Print Media