ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਖਿਲਾਫ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ
ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਰਣਜੀਤ ਸਿੰਘ
ਕਲੇਰਬਾਲਾ ਦੀ ਅਗਵਾਈ ਹੇਠ ਅੱਜ ਜ਼ੋਨ ਲੋਪੋਕੇ ਅਤੇ ਜ਼ੋਨ ਚੋਗਾਵਾਂ ਦੇ ਪਿੰਡ ਕੱਕੜ ਸਮੇਤ ਪੰਜ਼ ਪਿੰਡਾਂ ਦੀਆਂ ਜਥੇਬੰਦਕ ਚੋਣਾਂ ਕਰਵਾਈਆਂ ਗਈਆਂ।ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸੈਕੜੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਤੇ ਜੋਰਦਾਰ ਕੇ ਨਾਅਰੇਬਾਜ਼ੀ ਕੀਤੀ ਗਈ।ਆਗੂਆਂ ਨੇ ਕਿਹਾ ਕਿ ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਨਿੱਜੀ ਕੰਪਨੀਆਂ ਨੂੰ ਮਾਲਾ-ਮਾਲ ਕੀਤਾ ਜਾ ਰਿਹਾ ਹੈ।ਇਸੇ ਤਰ੍ਹਾਂ ਚੰਡੀਗੜ੍ਹ ਅਤੇ ਬੀ.ਬੀ.ਐਮ.ਬੀ ਦਾ ਧੱਕੇ ਨਾਲ ਕੇਂਦਰੀਕਰਨ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਘਰਾਂ ਵਿੱਚ ਪ੍ਰੀਪੇਡ ਮੀਟਰ ਲਗਾਉਣ ਲਈ ਪੰਜਾਬ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ।ਕੇਂਦਰ ਸਰਕਾਰ ਦੀ ਇਸ ਚਾਲ ਨੂੰ ਪੰਜਾਬ ਦੇ ਲੋਕ ਕਦੇ ਵੀ ਮਨਜ਼ੂਰ ਨਹੀਂ ਕਰਨਗੇ ਅਤੇ ਪ੍ਰੀਪੇਡ ਮੀਟਰ ਲਗਾਉਣ ਦਾ ਸਖਤ ਵਿਰੋਧ ਕੀਤਾ ਜਾਵੇਗਾ।ਬੀਤੇ ਦਿਨੀਂ ਬਠਿੰਡਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮਜ਼ਦੂਰਾਂ ;ਤੇ ਸਰਕਾਰ ਵਲੋਂ ਕੀਤੇ ਲਾਠੀਚਾਰਜ਼ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਤੇ ਕਿਸਾਨਾਂ ‘ਤੇ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਕਿਸਾਨਾਂ ਨੂੰ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ।ਆਗੂਆਂ ਨੇ ਐਲਾਨ ਕੀਤਾ ਕਿ ਭ੍ਰਿਸ਼ਟਾਚਾਰ ਅਤੇ ਨਸ਼ੇ ਖਿਲਾਫ 16 ਅਪ੍ਰੈਲ ਨੂੰ ਦਫਤਰ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ ਸਾਰੰਗੜਾ, ਕੁਲਵੰਤ ਸਿੰਘ ਕੱਕੜ, ਕੁਲਬੀਰ ਸਿੰਘ ਲੋਪੋਕੇ, ਫਤਹਿ ਸਿੰਘ ਲੋਪੋਕੇ, ਰਾਜਬੀਰ ਸਿੰਘ ਕੱਕੜ, ਗੁਰਪ੍ਰਤਾਪ ਸਿੰਘ ਕੱਕੜ ਆਦਿ ਆਗੂ ਵੀ ਮੌਜ਼ੂਦ ਸਨ।
Punjab Post Daily Online Newspaper & Print Media