ਸੁਖਬੀਰ ਦੀ ਵਿਧਵਾ ਮਾਂ ਨੂੰ ਟਰੱਸਟ ਦੇਵੇਗਾ 2000 ਰੁਪਏ ਮਹੀਨਾ ਪੈਨਸ਼ਨ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਰੱਖ ਖਾੜੀ ਮੁਲਕਾਂ
`ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ `ਚ ਮਦਦ ਕਰਨ ਵਾਲੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਉਗਰੇਵਾਲ ਨਾਲ ਸਬੰਧਿਤ 22 ਸਾਲਾ ਸੁਖਬੀਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜਲੇ ਪਿੰਡ ਗੋਪਾਲਪੁਰ ਦੇ 25 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ (ਰਾਜਾਸਾਂਸੀ) ਅੰਮ੍ਰਿਤਸਰ ਵਿਖੇ ਪਹੁੰਚੇ ਗਏ ਹਨ।
ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਸੁਖਬੀਰ ਦੇ ਜਨਮ ਤੋਂ 6 ਮਹੀਨੇ ਬਾਅਦ ਵਿਧਵਾ ਹੋਈ ਆਪਣੀ ਮਾਂ ਦੀ ਇਕਲੌਤੀ ਔਲਾਦ ਸੁਖਬੀਰ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ `ਚ ਕੁੱਝ ਵਰ੍ਹੇ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਹ ਉਥੇ ਟਰੱਕ ਡਰਾਈਵਰ ਨਾਲ ਬਤੌਰ ਹੈਲਪਰ ਕੰਮ ਕਰਦਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਦੀ ਬੀਤੀ 6 ਮਾਰਚ ਨੂੰ ਸਮੁੰਦਰ ਦੇ ਕੰਢੇ ਤੋਂ ਮ੍ਰਿਤਕ ਦੇਹ ਮਿਲੀ ਸੀ।ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੁਬਈ ਮਿਹਨਤ ਮਜ਼ਦੂਰੀ ਕਰਨ ਆਇਆ ਸੀ। ਪਰ ਗਲਤ ਹੱਥਾਂ `ਚ ਚੜ੍ਹਨ ਕਰਕੇ ਬੀਤੀ 7 ਮਾਰਚ ਨੂੰ ਅਚਾਨਕ ਸਰੀਰ ਛੱਡ ਗਿਆ ਸੀ।ਉਨ੍ਹਾਂ ਦੱਸਿਆ ਕਿ ਦੋਵਾਂ ਪੀੜ੍ਹਤ ਪਰਿਵਾਰਾਂ ਨੇ ਕ੍ਰਮਵਾਰ ਟਰੱਸਟ ਦੀਆਂ ਗੁਰਦਾਸਪੁਰ ਅਤੇ ਪਟਿਆਲਾ ਟੀਮਾਂ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਅਪੀਲ ਕੀਤੀ ਸੀ।ਜਿਸ ‘ਤੇ ਉਨ੍ਹਾਂ ਦੁਬਈ ਵਿਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ `ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਦੋਵਾਂ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਭਾਰਤ ਭੇਜਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸੁਖਬੀਰ ਦੀ ਇਕੱਲੀ ਰਹਿ ਗਈ ਮਾਂ ਨੂੰ ਟਰੱਸਟ ਵਲੋਂ 2000 ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।ਜਿਸ ਦਾ ਪਹਿਲਾ ਚੈਕ ਕੱਲ੍ਹ ਹੀ ਸਸਕਾਰ ਮੌਕੇ ਗੁਰਦਾਸਪੁਰ ਟੀਮ ਵਲੋਂ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ।
ਡਾ.ਐੱਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਲਚੀ ਏਜੰਟਾਂ ਦੇ ਚੁੰਗਲ `ਚ ਫਸ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਮੌਤ ਦੇ ਮੂੰਹ `ਚ ਨਾ ਪਾਉਣ।ਪਿਛਲੇ ਕੁੱਝ ਦਿਨਾਂ `ਚ ਹੀ ਉਹ 3 ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜ ਚੁੱਕੇ ਹਨ, ਜਦ ਕਿ 8 ਤੋਂ 10 ਹੋਰ ਬਦਨਸੀਬ ਨੌਜੁਆਨਾਂ ਦੇ ਮ੍ਰਿਤਕ ਸਰੀਰ ਆਉਂਦੇ ਕੁੱਝ ਦਿਨਾਂ `ਚ ਭਾਰਤ ਪਹੁੰਚਾਏ ਜਾਣਗੇ।ਉਨ੍ਹਾਂ ਕਿਹਾ ਕਿ ਦੁਬਈ ਪੁਲਿਸ ਨੇ ਵੀ ਭਾਰਤੀ ਦੂਤਾਵਾਸ ਰਾਹੀਂ ਕੁੱਝ ਭਾਰਤੀ ਨੌਜਵਾਨਾਂ ਦੇ ਲਾਵਾਰਸ ਮ੍ਰਿਤਕ ਸਰੀਰਾਂ ਦੀ ਜਾਣਕਾਰੀ ਵੀ ਦਿੱਤੀ ਹੈ, ਜੋ ਸਬੰਧਿਤ ਵਾਰਸਾਂ ਨੂੰ ਲੱਭ ਕੇ ਜਲਦ ਭਾਰਤ ਭੇਜ ਦਿੱਤੇ ਜਾਣਗੇ।
ਪੀੜ਼ਤ ਪਰਿਵਾਰਾਂ ਨਾਲ ਹਵਾਈ ਅੱਡੇ ‘ਤੇ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੀ ਅੰਮ੍ਰਿਤਸਰ ਟੀਮ ਦੇ ਅਹੁੱਦੇਦਾਰ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ ਚਮਿਆਰੀ, ਨਵਜੀਤ ਘਈ ਤੇ ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 299 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਮ੍ਰਿਤਕ ਦੇਹਾਂ ਲੈਣ ਹਵਾਈ ਅੱਡੇ ‘ਤੇ ਪਹੁੰਚੇ ਪੀਡ਼ਤ ਪਰਿਵਾਰਾਂ ਨੇ ਡਾ. ਓਬਰਾਏ ਦਾ ਸ਼ੁਕਰਾਨਾ ਕਰਦਿਆਂ ਅਦਾ ਕੀਤਾ।
Punjab Post Daily Online Newspaper & Print Media