Thursday, March 26, 2026

ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਨਾਉਣ ਲਈ ਸਾਰੇ ਇਕ ਟੀਮ ਵਜੋਂ ਕੰਮ ਕਰਨ – ਧਾਲੀਵਾਲ

ਕਿਹਾ, ਭ੍ਰਿਸ਼ਟਾਚਾਰ ਦੇ ਖਾਤਮੇ ਲਈ ਅਪੀਲਾਂ ਤੋਂ ਬਾਅਦ ਹੁਣ ‘ਐਕਸ਼ਨ ਮੋਡ’ ‘ਚ ਆਵੇਗੀ ਮਾਨ ਸਰਕਾਰ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ) – ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਅਤੇ ਐਨ.ਆਰ.ਆਈ ਮਾਮਲੇ ਵਿਭਾਗਾਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ਸੂਬੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਸਹਿਯੋਗ ਮੰਗਿਆ।ਉਨਾਂ ਕਿਹਾ ਕਿ ਲੋਕਾਂ ਨੇ ਉਨਾਂ ਨੂੰ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਖਤਮ ਕਰਨ ਲਈ ਇੰਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਹਨ ਤੇ ਲੋਕਾਂ ਦੀ ਆਸ ਪੂਰੀ ਕਰਨੀ ਸਰਕਾਰ ਦਾ ਫਰਜ਼ ਹੈ।ਸੋ ਹੁਣ ਅਪੀਲਾਂ ਤੋਂ ਬਾਅਦ ਸਰਕਾਰ ਇਸ ਮੁੱਦੇ ‘ਤੇ ‘ਐਕਸ਼ਨ ਮੋਡ’ ਵਿੱਚ ਆਉਣ ਵਾਲੀ ਹੈ, ਜੋ ਕਿ ਅਧਿਕਾਰੀ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਗਿਆ, ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਵੇਗੀ।ਉਨਾਂ ਕਿਹਾ ਕਿ ਇਹ ਫਾਰਮੁੱਲਾ ਨਾ ਕੇਵਲ ਸਰਕਾਰੀ ਅਧਿਕਾਰੀਆਂ ‘ਤੇ ਲਾਗੂ ਹੋਵੇਗਾ, ਬਲਕਿ ਲੋਕਾਂ ਦੁਆਰਾ ਚੁਣੇ ਵਿਧਾਇਕ ਤੇ ਮੰਤਰੀ ਵੀ ਇਸੇ ਫਾਰਮੁਲੇ ਹੇਠ ਆਉਂਦੇ ਹਨ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਬਾਬਤ ਸਾਰਿਆਂ ਨੂੰ ਪਿਛਲੀ ਮੀਟਿੰਗ ਵਿਚ ਜਾਣੂ ਕਰਵਾ ਚੁੱਕੇ ਹਨ।ਪਾਰਟੀ ਦਾ ਕੋਈ ਵੀ ਨੇਤਾ ਗਲਤ ਕੰਮ ਦੀ ਸ਼ਿਫਾਰਸ ਨਹੀਂ ਕਰੇਗਾ ਅਤੇ ਨਾ ਹੀ ਕੋਈ ਵਗਾਰ ਪਾਵੇਗਾ, ਸੋ ਤੁਸੀਂ ਬਿਨਾਂ ਕਿਸੇ ਦਬਾਅ ਦੇ ਆਪਣੇ ਕੰਮ ਪਾਰਦਰਸ਼ੀ ਢੰਗ ਨਾਲ ਕਰੋ।ਧਾਲੀਵਾਲ ਨੇ ਕਿਹਾ ਕਿ ਉਨਾਂ ਦੀ ਪਾਰਟੀ ਦਾ ਸੁਪਨਾ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਪਨਿਆਂ ਦਾ ਪੰਜਾਬ ਹੈ ਅਤੇ ਇਸ ਆਸ਼ੇ ਦੀ ਪੂਰਤੀ ਲਈ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਨਾਉਣ ਲਈ ਆਪਾਂ ਸਾਰਿਆਂ ਨੇ ਕੰਮ ਕਰਨਾ ਹੈ।
                  ਧਾਲੀਵਾਲ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਸਭ ਤੋਂ ਪਹਿਲੀ ਤਰਜ਼ੀਹ ਹਨ ਅਤੇ ਸਭ ਤੋਂ ਪਹਿਲਾ ਕੰਮ ਇਸ ਪਾਸੇ ਕੀਤਾ ਜਾਵੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਆਮ ਤੌਰ ਉਤੇ ਉਹ ਆਦਮੀ ਹੀ ਜਾਂਦਾ ਹੈ, ਜਿਸ ਕੋਲੋਂ ਪੈਸੇ ਦੀ ਘਾਟ ਹੈ ਅਤੇ ਅੱਗੋਂ ਜੇ ਉਸਦਾ ਉਥੇ ਵੀ ਇਲਾਜ ਨਾ ਹੋਵੇ ਜਾਂ ਡਾਕਟਰ ਹੱਥ ਨਾ ਪਾਵੇ ਤਾਂ ਉਹ ਆਦਮੀ ਕਿਧਰ ਜਾਵੇ ? ਇਹ ਸਵਾਲ ਡਾਕਟਰ ਤੇ ਹੋਰ ਸਟਾਫ ਆਪਣੇ ਆਪ ਨਾਲ ਕਰਨ। ਉਨਾਂ ਕਿਹਾ ਕਿ ਅੱਜ ਲੋਕ ਸਾਡੇ ਭੈੜੇ ਸਿਸਟਮ ਤੋਂ ਤੰਗ ਆ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ ਅਤੇ ਇਸ ਸਿਸਟਮ ਨੂੰ ਆਪਾਂ ਸਾਰਿਆਂ ਨੇ ਸੁਧਾਰਨਾ ਹੈ, ਇਹ ਸਾਡਾ ਟੀਚਾ ਹੈ।
                  ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਆਰਥਿਕ, ਸਮਾਜਿਕ, ਖੇਤੀਬਾੜੀ, ਵਪਾਰ, ਉਦਯੋਗ, ਖੇਡਾਂ ਸਾਰੇ ਪਾਸੇ ਪਛੜ ਚੁੱਕਾ ਹੈ ਤੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਇੰਨੀ ਬੁਰੀ ਤਰਾਂ ਲੁੱਟਿਆ ਹੈ ਕਿ ਆਮ ਬੰਦਾ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਇਹ ਸਾਰੀ ਕੀਤੀ ਲੁੱਟ ਅੰਕੜਿਆਂ ਸਮੇਤ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ।ਧਾਲੀਵਾਲ ਨੇ ਕਿਹਾ ਕਿ ਭਵਿਖ ਵਿਚ ਜਿਸ ਵੀ ਵਿਭਾਗ ਦੀ ਤਕਨੀਕੀ ਟੀਮ ਨੇ ਕੋਈ ਪ੍ਰਾਜੈਕਟ ਬਨਾਉਣ ਵਿਚ ਲਾਪਰਵਾਹੀ ਕੀਤੀ ਉਹ ਅਧਿਕਾਰੀ ਸਿੱਧੇ ਤੌਰ ‘ਤੇ ਜਿੰਮੇਵਾਰ ਹੋਣਗੇ।ਤੁਹਾਡੇ ਕੀਤੇ ਕੰਮਾਂ ਤੋਂ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਰਕਾਰ ਵਾਕਿਆ ਹੀ ਬਦਲ ਗਈ ਹੈ।ਨਾ ਕੋਈ ਲੁੱਟ ਰਹੇ ਤੇ ਨਾ ਕੰਮ ਕਰਵਾਉਣ ਵਿੱਚ ਕੋਈ ਪਰੇਸ਼ਾਨੀ।
                 ਅੰਮ੍ਰਿਤਸਰ ਦੀ ਗੱਲ ਕਰਦੇ ਉਨਾਂ ਸ਼ਹਿਰ ਦੀ ਟ੍ਰੈਫਿਕ ਵਿੱਚ ਸੁਧਾਰ ਕਰਨ ਦੀ ਹਦਾਇਤ ਕੀਤੀ।ਉਨਾਂ ਗਲਤ ਪਾਰਕਿੰਗ, ਸੜਕਾਂ ਕਿਨਾਰੇ ਲੱਗਦੀਆਂ ਰੇਹੜੀਆਂ, ਅਵਾਰਾ ਜਾਨਵਰਾਂ ਦਾ ਸੜਕਾਂ ਤੇ ਘੁੰਮਣਾ, ਬਿਨਾਂ ਵਜ੍ਹਾ ਕੀਤੀ ਬੈਰੀਕੇਡਿੰਗ ਵਰਗੇ ਮੁੱਦੇ ਅਧਿਕਾਰੀਆਂ ਨਾਲ ਸਾਂਝੇ ਕਰਦੇ ਇੰਨਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ।ਧਾਲੀਵਾਲ ਨੇ ਆ ਰਹੇ ਕਣਕ ਦੇ ਸੀਜ਼ਨ ਨੂੰ ਧਿਆਨ ‘ਚ ਰੱਖਦੇ ਮੰਡੀ ਅਧਿਕਾਰੀਆਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਲਈ ਮੰਡੀਆਂ ਵਿਚ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ।
                 ਇਸ ਮੌਕੇ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ, ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਜਿਲ੍ਹਾ ਪੁਲਿਸ ਮੁੱਖੀ ਦੀਪਕ ਹਿਲੋਰੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੂਧਲ, ਵਧੀਕ ਡਿਪਟੀ ਕਮਿਸ਼ਨਰੀ ਸ਼ਹਿਰੀ ਸੰਜੀਵ ਅਤੇ ਐਸ.ਡੀ ਐਮਾਂ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …