ਔਰਤਾਂ ਦੇ ਪੜ੍ਹੇ-ਲਿਖੇ ਹੋਣ ਨਾਲ ਸਮਾਜ ਜਾਗਰੂਕ ਹੋ ਸਕਦਾ – ਛੀਨਾ
ਅੰਮ੍ਰਿਤਸਰ, 3 ਅਪ੍ਰੈਲ (ਖੁਰਮਣੀਆਂ) – ਔਰਤਾਂ ਦੇ ਪੜ੍ਹੇ ਲਿਖੇ ਹੋਣ ਨਾਲ ਹੀ ਸਮਾਜ ਜਾਗਰੂਕ ਹੋ ਸਕਦਾ ਹੈ, ਕਿਉਂਕਿ ਸਮਾਜ ਅਤੇ ਹਰੇਕ ਇਨਸਾਨ ਦੀ ਤਰੱਕੀ ’ਚ
ਔਰਤਾਂ ਦੀ ਭੂਮਿਕਾ ਅਹਿਮ ਹੈ।ਅੱਜ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸਾਲਾਨਾ ਕਾਨਵੋਕੇਸ਼ਨ ਮੌਕੇ 532 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਧਾਨ ਕਰਨ ਮੌਕੇ ਉਕਤ ਸ਼ਬਦਾਂ ਦਾ ਇਜ਼ਹਾਰ ਕੀਤਾ।
ਉਨ੍ਹਾਂ ਇਸ ਮੌਕੇ ਆਪਣੇ ਭਾਸ਼ਣ ਦੌਰਾਨ ਔਰਤਾਂ ਦੀ ਸਿੱਖਿਆ ’ਤੇ ਜ਼ੋਰ ਦਿੰਦਿਆ ਕਿਹਾ ਕਿ ਔਰਤ ਦਾ ਸਿੱਖਿਅਤ ਹੋਣਾ ਹੀ ਉਨ੍ਹਾਂ ਦਾ ਸ਼ਸ਼ਕਤੀਕਰਨ ਹੈ।ਉਨ੍ਹਾਂ ਕਿਹਾ ਕਿ ਰਵਾਇਤੀ ਸਿੱਖਿਆ ਤੋਂ ਇਲਾਵਾ ਹੱਥੀਂ ਕੰਮ ਕਰਨ ਤੇ ਹੁਨਰ ਨੂੰ ਉਜਾਗਰ ਕਰਨਾ ਵਿੱਦਿਆ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ੁਨ੍ਹਾਂ ਨੇ ਵੱਖ ਵੱਖ ਕਾਮਯਾਬ ਔਰਤਾਂ ਦੀਆਂ ਉਦਾਹਰਣਾਂ ਦਿੰਦਿਆਂ ਜੀਵਨ ’ਚ ਬਿਨ੍ਹਾਂ ਕਿਸੇ ਹਾਰ ਤੋਂ ਆਪਣੇ ਟੀਚੇ ਨੂੰ ਮਿੱਥ ਕੇ ਜਾਨੂੰਨੀ ਹੱਦ ਤੱਕ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।
ਛੀਨਾ ਨੇ ਡਿਗਰੀ ਵੰਡ ਸਮਾਰੋਹ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਇਕ ਕ੍ਰਾਂਤੀਕਾਰੀ ਬਦਲਾਅ ਆ ਰਿਹਾ ਹੈ।ਲੜਕੀਆਂ ਹਰੇਕ ਖ਼ੇਤਰ ’ਚ ਅਗਾਂਹ ਵੱਧ ਰਹੀਆਂ ਹਨ ਅਤੇ ਸਮਾਜ ’ਚ ਇਕ ਚੰਗੇਰੀ ਭੂਮਿਕਾ ਨਿਭਾਅ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਲੜਕੇ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਉਹ ਆਪ ਵਿੱਦਿਆ ਹਾਸਲ ਕਰਦਾ ਹੈ, ਪਰ ਜੇਕਰ ਲੜਕੀ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਪੂਰਾ ਪਰਿਵਾਰ ਹੀ ਨਹੀਂ, ਸਗੋਂ ਸਮਾਜ ਵੀ ਸਿੱਖਿਅਤ ਹੁੰਦਾ ਹੈ।
ਛੀਨਾ ਨੇ ਵਿਦਿਆਰਥਣਾਂ ਨੂੰ ਉਚ ਸਿੱਖਿਆ ਹਾਸਲ ਕਰਕੇ ਦੇਸ਼ ਸੇਵਾ ਲਈ ਅਰਪਿਤ ਹੋਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪ੍ਰੋਫੈਸ਼ਨਲ ਵਿੱਦਿਆ ਅਪਣਾ ਕੇ ਜੀਵਨ ’ਚ ਆਪਣੀ ਪਛਾਣ ਨੂੰ ਉਜਾਗਰ ਕਰਨ ’ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਨੇ ਇਤਿਹਾਸਕ ਅਤੇ ਸਮਾਜਿਕ ਪੱਖੋਂ ਔਰਤਾਂ ਦੇ ਸਮਾਜ ’ਚ ਵਧਦੇ ਅਤੇ ਪਸਰਦੇ ਸਥਾਨ ’ਤੇ ਗਹਿਰੀ ਝਾਤ ਪਾਉਂਦਿਆਂ ਕਿਹਾ ਕਿ ਭਾਵੇਂ ਅੱਜ ਔਰਤ ਉਚ ਸਥਾਨਾਂ ’ਤੇ ਬਿਰਾਜਮਾਨ ਹੈ ਪਰ ਫ਼ਿਰ ਵੀ ਉਸ ਨੂੰ ਆਪਣੇ ਹੱਕਾਂ ਲਈ ਸੈਂਕੜੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਾਨਵੋਕੇਸ਼ਨ ਦੌਰਾਨ ਅੰਡਰ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕੀਤੇ।ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਕੀਤੀ ਗਈ।ਇਸ ਤੋਂ ਪਹਿਲਾਂ ਡਾ. ਸੁਰਿੰਦਰ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ’ਚ ਹਾਸਲ ਕੀਤੀਆਂ ਉਪਲਬੱਧੀਆਂ ਤੇ ਸਰਗਰਮੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ।ਛੀਨਾ ਨੇ ਕਾਲਜ ਦੇ ਕਾਮਰਸ ਵਿਭਾਗ ਦੀ ਡਾ. ਰੀਤੂ ਧਵਨ ਨੂੰ ‘ਬੈਸਟ ਰਿਸਰਚਸ’ ਦਾ ਸਰਟੀਫ਼ਿਕੇਟ ਭੇਟ ਕਰਕੇ ਸਨਮਾਨਿਤ ਕਰਨ ਤੋਂ ਇਲਾਵਾ ‘ਸੈਗਾਸਿਟੀ: ਰਿਸਰਚਰਸ ਪ੍ਰਸੇਪਟਿਵ-2022’ ਨਾਮਕ ਪੁਸਤਕ ਨੂੰ ਵੀ ਰਿਲੀਜ਼ ਕੀਤੀ, ਜਿਸ ਦੇ ਐਡੀਟਰ ਡਾ. ਸੁਰਿੰਦਰ ਕੌਰ ਅਤੇ ਸਬ ਐਡੀਟਰ ਡਾ. ਰੀਤੂ ਧਵਨ ਹਨ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਣ, ਮੈਂਬਰ ਸੰਤੋਖ ਸਿੰਘ ਸੇਠੀ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਕੰਵਲਜੀਤ ਸਿੰਘ, ਗੁਰੂ ਤੇਗ ਬਹਾਦਰ ਕਾਲਜ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media