ਟਰੱਸਟ ਦੇਵੇਗਾ ਤਜਿੰਦਰ ਦੀ ਅੰਗਹੀਣ ਭੈਣ ਤੇ ਮਾਂ ਨੂੰ ਮਹੀਨਾਵਾਰ ਪੈਨਸ਼ਨ
ਅੰਮ੍ਰਿਤਸਰ, 9 ਅਪ੍ਰੈਲ (ਜਗਦੀਪ ਸਿੰਘ) – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ `ਚੋਂ ਕੱਢਣ ਲਈ ਆਪਣੇ ਘਰ ਤੇ ਜ਼ਮੀਨਾਂ ਆਦਿ ਗਹਿਣੇ ਧਰ ਕੇ ਖਾੜੀ ਮੁਲਕਾਂ `ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ `ਚ ਰਹਿਬਰ ਬਣ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਨੇੜਲੇ ਪਿੰਡ ਭੋਆ ਫਤਹਿਗੜ੍ਹ ਨਾਲ ਸਬੰਧਿਤ 20 ਸਾਲਾ ਤਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪਹੁੰਚਿਆ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਮਾਪਿਆਂ ਦੀ ਇਕਲੌਤੀ ਔਲਾਦ ਤਜਿੰਦਰ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ `ਚ ਕਰੀਬ ਇੱਕ ਵਰ੍ਹਾ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ।ਉਨ੍ਹਾਂ ਦੱਸਿਆ ਕਿ ਉਹ ਉਥੇ ਇਸ ਵੇਲੇ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਦੀ ਬੀਤੀ 30 ਮਾਰਚ ਨੂੰ ਅਚਾਨਕ ਦਿਲ ਦੀ ਧੜਕਨ ਬੰਦ ਹੋਣ ਕਾਰਨ ਆਪਣੇ ਮਾਪਿਆਂ ਤੇ ਅੰਗਹੀਣ ਭੈਣ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ ਸੀ।ਪੀੜਤ ਪਰਿਵਾਰ ਨੇ ਟਰੱਸਟ ਦੀ ਅੰਮ੍ਰਿਤਸਰ ਟੀਮ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਉਕਤ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਅਪੀਲ ਕੀਤੀ ਸੀ।ਜਿਸ ਤੇ ਉਨ੍ਹਾਂ ਦੁਬਈ ਵਿਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ `ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਉਕਤ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਜਸਪਾਲ ਸਿੰਘ ਵੀ ਪਿਛਲੇ ਦੋ ਮਹੀਨੇ ਤੋਂ ਦੁਬਈ ਵਿਖੇ ਹੀ ਰਹਿ ਰਿਹਾ ਸੀ, ਜੋ ਅੱਜ ਮ੍ਰਿਤਕ ਸਰੀਰ ਦੇ ਨਾਲ ਹੀ ਦੁਬਈ ਤੋਂ ਇੱਥੇ ਪਹੁੰਚਿਆ ਹੈ।ਉਨ੍ਹਾਂ ਫੈਸਲਾ ਕੀਤਾ ਹੈ ਕਿ ਸੁਖਬੀਰ ਦੀ ਮਾਂ ਅਤੇ ਅੰਗਹੀਣ ਭੈਣ ਨੂੰ ਟਰੱਸਟ ਵੱਲੋਂ ਹਜ਼ਾਰ-ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।ਮ੍ਰਿਤਕ ਦੇ ਪਿਤਾ ਦੀ ਹਵਾਈ ਟਿਕਟ ਲੈ ਕੇ ਦੇਣ ਤੋਂ ਇਲਾਵਾ ਸਮੁੱਚੀ ਕਾਗਜ਼ੀ ਕਾਰਵਾਈ ਟਰੱਸਟ ਵੱਲੋਂ ਨੇਪਰੇ ਚਾੜ੍ਹੀ ਗਈ ਹੈ, ਜਦਕਿ ਬਾਕੀ ਖਰਚ ਪਰਿਵਾਰ ਤੇ ਮ੍ਰਿਤਕ ਦੀ ਕੰਮ ਵਾਲੀ ਕੰਪਨੀ ਨੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੇ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਪਿਛਲੇ ਕੁੱਝ ਦਿਨਾਂ `ਚ ਹੀ ਉਹ 4 ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜ ਚੁੱਕੇ ਹਨ, ਜਦਕਿ 6 ਤੋਂ 8 ਹੋਰਨਾਂ ਬਦਨਸੀਬ ਨੌਜੁਆਨਾਂ ਦੇ ਮ੍ਰਿਤਕ ਸਰੀਰ ਆਉਂਦੇ ਕੁੱਝ ਦਿਨਾਂ `ਚ ਪਹੁੰਚਾਏ ਜਾਣਗੇ।
ਪੀੜ੍ਹਤ ਪਰਿਵਾਰਾਂ ਨਾਲ ਹਵਾਈ ਅੱਡੇ `ਤੇ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੀ ਅੰਮ੍ਰਿਤਸਰ ਟੀਮ ਦੇ ਅਹੁੱਦੇਦਾਰ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ, ਮਨਪ੍ਰੀਤ ਸੰਧੂ ਚਮਿਆਰੀ ਤੇ ਨਵਜੀਤ ਘਈ ਚੁਗਾਵਾਂ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 300 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਹਵਾਈ ਅੱਡੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ, ਚਾਚਾ ਗੁਰਪ੍ਰੀਤ ਸਿੰਘ, ਫੁੱਫੜ ਗੁਰਪ੍ਰੀਤ ਸਿੰਘ ਤੇ ਚਾਚਾ ਜੁਗਰਾਜ ਸਿੰਘ ਨੇ ਡਾ. ਐਸ.ਪੀ ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਤਜਿੰਦਰ ਦੇ ਪਰਿਵਾਰ ਤੇ ਹੋਰਨਾਂ ਸਬੰਧੀਆਂ ਨੂੰ ਉਸ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।