ਆਪਣੀ ਸੱਭਿਅਤਾ ਤੇ ਵਿਰਸੇ ਦੀ ਰਾਖੀ ’ਤੇ ਪਹਿਰਾ ਦੇਵੇ ਹਰੇਕ ਇਨਸਾਨ – ਛੀਨਾ
ਅੰਮ੍ਰਿਤਸਰ, 12 ਅਪ੍ਰੈਲ (ਖੁਰਮਣੀਆਂ) – ਇਕ ਇਨਸਾਨ ਦਾ ਸਭ ਤੋਂ ਅਹਿਮ ਤੇ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਸੱਭਿਅਤਾ ਅਤੇ ਵਿਰਸੇ ਦੀ ਰਾਖੀ ’ਤੇ
ਪਹਿਰਾ ਦੇਵੇ ਅਤੇ ਆਪਣੀ ਲੋਕਚਾਰੀ ਅਤੇ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਰਹੇ।ਕਿਉਂਕਿ ਅੱਜ ਦੇ ਅਤਿ-ਆਧੁਨਿਕ ਯੁੱਗ ’ਤੇ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ।ਜਿਸ ਨੂੰ ਅਜ਼ੋਕੇ ਸਮੇਂ ’ਚ ਆਪਣੇ ਵਿਰਸੇ ਅਤੇ ਸੱਭਿਅਤਾ ਨਾਲ ਜੋੜ੍ਹਣਾ ਬਹੁਤ ਜ਼ਰੂਰੀ ਹੈ।ਜੇਕਰ ਅਸੀਂ ਆਪਣੀ ਵਿਰਾਸਤ ਤੋਂ ਪੱਛੜ ਗਏ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਆ ਜਾਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਕੈਂਪਸ ਦੇ ਕ੍ਰਿਕੇਟ ਮੈਦਾਨ ‘ਚ ‘ਵਿਸਾਖੀ ਮੇਲਾ ਰੌਣਕ-2022’ ਦਾ ਰਿਬਨ ਕੱਟ ਕੇ ਅਗਾਜ਼ ਕਰਨ ਉਪਰੰਤ ਕੀਤਾ।ਉਨ੍ਹਾਂ ਨਾਲ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਵੀ ਮੌਜ਼ੂਦ ਸਨ।
ਛੀਨਾ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ ਬਾਰੇ ਚਾਨਣਾ ਪਾਉਂਦਿਆਂ ਵਿਸਾਖੀ ਦੀ ਮਹੱਤਤਾ ਦੱਸਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ ਦੀ ਗੌਰਵ ਗਾਥਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਡਾ. ਮਹਿਲ ਸਿੰਘ ਨਾਲ ਟਾਂਗੇ ’ਤੇ ਸਵਾਰ ਹੋ ਕੇ ਮੇਲੇ ਦਾ ਉਦਘਾਟਨ ਕਰਨ ਪੁੱਜੇ ਛੀਨਾ ਨੇ ਮੇਲੇ ’ਚ ਲਗਾਏ ਗਏ ਵੱਖ-ਵੱਖ ਸਟਾਲਾਂ ਅਤੇ ਸੱਭਿਅਤਾ ਨਾਲ ਭਰਪੂਰ ਪੁਰਾਤਨ ਵੇਲੇ ਦੀ ਝਲਕ ਪੇਸ਼ ਕਰਦੀਆਂ ਕਲਾਕ੍ਰਿਤੀਆਂ, ਚਿੱਤਰਕਾਰੀ, ਪੁਰਾਤਨ ਰਵਾਇਤਾਂ ਫੁੱਲਕਾਰੀ, ਦਾਣੇ ਭੁੰਨਦੀ ਭੱਠੀ ਵਾਲੀ, ਘੋੜੇ ਦੁਆਰਾ ਪੇਸ਼ ਕੀਤਾ ਗਿਆ ਡਾਂਸ ਤੇ ਅਭਿਨੰਦਨ ਆਦਿ ਦਾ ਆਨੰਦ ਮਾਣਿਆ।ਕਾਲਜ ‘ਚ ਪੰਜਾਬੀ ਸੱਭਿਅਤਾ ਦੇ ਰੀਤੀ-ਰਿਵਾਜਾਂ ਅਤੇ ਪੁਰਾਤਨ ਪਹਿਰਾਵਿਆਂ ਦੀ ਖ਼ੁਸ਼ਬੂ ਬਿਖੇਰਦਿਆਂ ‘ਰੌਣਕ ਵਿਸਾਖੀ ਮੇਲਾ-2022’ ਦੇ ਆਯੋਜਨ ਮੌਕੇ ਸਮੂਹ ਕਾਲਜ ਆਪਣੇ ਵਿਰਸੇ ਦੀਆਂ ਯਾਦਾਂ ਦੇ ਖਿਆਲਾਂ ’ਚ ਝੂਮਦਾ ਹੋਇਆ ਨਜ਼ਰ ਆਇਆ।ਵਿਦਿਆਰਥੀਆਂ ਨੇ ਮੇਲਾ ’ਚ ਵੱਖ-ਵੱਖ ਤਰ੍ਹਾਂ ਝੂਟਿਆਂ ਦਾ ਆਨੰਦ ਮਾਣਦੇ ਹੋਏ ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸੇ।ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਭੰਗੜਾ, ਗੱਤਕਾ, ਗਿੱਧਾ-ਬੋਲੀਆਂ, ਡਾਂਸ ਆਦਿ ਨੇ ਮਾਹੌਲ ਬੰਨ੍ਹੀ ਰੱਖਿਆ।
ਛੀਨਾ ਨੇ ਮੇਲੇ ਲਈ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸ਼ਲਾਘਾ ਕੀਤੀ ।ਡਾ. ਮਹਿਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਦੀ ਰਫ਼ਤਾਰ ਨੇ ਇਨ੍ਹਾਂ ਮੇਲਿਆਂ ਨੂੰ ਸਿਰਫ਼ ਪੁਸਤਕਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ।ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਣ ਰੱਖਣ ਲਈ ਸਮੇਂ-ਸਮੇਂ ’ਤੇ ਅਜਿਹੇ ਤਿਉਹਾਰ ਤੇ ਮੇਲੇ ਜਰੂਰ ਮਨਾਉਣੇ ਚਾਹੀਦੇ ਹਨ।
ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ, ਵਿੱਦਿਅਕ ਅਦਾਰਿਆਂ ਅਤੇ ਪੰਜਾਬੀ ਵਿਰਸੇ ਦੇ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਤਿਉਹਾਰਾਂ ਨੂੰ ਜਿਉਂਦੇ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਸਾਡਾ ਵਿਰਸਾ ਤੇ ਮਾਂ ਬੋਲੀ ਲੁਪਤ ਨਾ ਹੋ ਸਕੇ।ਇਸ ਮੌਕੇ ਪੰਘੂੜੇ, ਵੱਖ-ਵੱਖ ਪਕਵਾਨਾਂ, ਸਟੇਸ਼ਨਰੀ, ਮੁਨਿਆਰੀ ਅਤੇ ਸਾਜੋ-ਸਮਾਨ ਆਦਿ ਦੇ ਸਟਾਲ ਵੀ ਲਗਾਏ।ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਦੀਪਕ ਦੇਵਗਨ, ਐਨ.ਕੇ ਸ਼ਰਮਾ, ਪ੍ਰੋ: ਸਤਨਾਮ ਸਿੰਘ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media