Thursday, May 21, 2026

ਡੀ.ਸੀ ਜਤਿੰਦਰ ਜੋਰਵਾਲ ਵਲੋਂ ਕੋਵਿਡ ਟੀਕਾਕਰਨ ਮੁਹਿੰਮ ‘ਚ ਤੇਜ਼ੀ ਲਿਆਉਣ ਦੇ ਆਦੇਸ਼

ਸਕੂਲੀ ਵਿਦਿਆਰਥੀਆਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ’ਤੇ ਦਿੱਤਾ ਜ਼ੋਰ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਕੋਵਿਡ ਤੋਂ ਬਚਾਅ ਲਈ ਨਵੀਂ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲਾ ਨਿਵਾਸੀਆਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਸਿਹਤ ਅਮਲੇ ਨੂੰ ਵਧੇਰੇ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।ਹਾਲਾਂਕਿ ਜ਼ਿਲੇ ਵਿੱਚ ਕੋਵਿਡ ਤੋਂ ਬਚਾਅ ਦੇ ਪ੍ਰਬੰਧਾਂ ਸਬੰਧੀ ਜੋਰਵਾਲ ਵਲੋਂ ਨਿਰੰਤਰ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਕੇ ਜਾਇਜ਼ਾ ਲਿਆ ਜਾ ਰਿਹਾ ਹੈ।ਪਰ ਇਸ ਐਡਵਾਈਜ਼ਰੀ ਤੋਂ ਬਾਅਦ ਕੋਵਿਡ ਟੀਕਾਕਰਨ ਤੋਂ ਵਾਂਝੇ ਨਾਗਰਿਕਾਂ ਨੂੰ ਕੋਵਿਡ ਦੀ ਪਹਿਲੀ, ਦੂਜੀ ਜਾਂ ਬੂਸਟਰ ਡੋਜ਼ ਜ਼ਰੂਰ ਲਗਵਾ ਲੈਣ ਦੀ ਸਲਾਹ ਦੇਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ।ਡਿਪਟੀ ਕਮਿਸ਼ਨਰ ਨੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਟਾਫ਼ ਨੂੰ ਸਿੱਖਿਆ ਅਧਿਕਾਰੀਆਂ ਨਾਲ ਤਾਲਮੇਲ ਰੱਖਦੇ ਹੋਏ ਸਕੂਲੀ ਵਿਦਿਆਰਥੀਆਂ, ਸਟਾਫ਼ ਤੇ ਹੋਰ ਸਹਿਯੋਗੀ ਅਮਲੇ ਦਾ ਟੀਕਾਕਰਨ ਕਰਨ ਲਈ ਉਤਸ਼ਾਹਜਨਕ ਉਪਰਾਲੇ ਅਮਲ ਵਿੱਚ ਲਿਆਉਣ ਲਈ ਆਖਿਆ ਹੈ।ਜੋਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਟੀਕਾਕਰਨ ਲਈ ਪ੍ਰੇਰਿਆ ਜਾਵੇ ਅਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਲਗਾਤਾਰ ਜਾਗਰੂਕਤਾ ਮੁਹਿੰਮ ਜਾਰੀ ਰੱਖੀ ਜਾਵੇ।ਜਨਤਕ ਥਾਵਾਂ ‘ਤੇ ਮਾਸਕ ਪਾਇਆ ਜਾਵੇ ਅਤੇ ਸਰਕਾਰ ਵਲੋਂ ਜਾਰੀ ਸਿਹਤ ਸਲਾਹਾਂ ਨੂੰ ਰੋਜ਼ਾਨਾ ਜੀਵਨ ਵਿੱਚ ਲਾਗੂ ਕੀਤਾ ਜਾਵੇ।
                  ਇਸੇ ਦੌਰਾਨ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀ ਵਰਗ ਤੇ ਵਿਦਿਆਰਥੀਆਂ ਦੇ ਮਾਪੇ ਹੁਣ ਪਹਿਲਾਂ ਨਾਲੋਂ ਕਾਫ਼ੀ ਸੁਚੇਤ ਹੋ ਚੁੱਕੇ ਹਨ ਅਤੇ ਸਵੈ ਇੱਛਾ ਨਾਲ ਟੀਕਾਕਰਨ ਕਰਵਾਉਣ ਨੂੰ ਤਰਜ਼ੀਹ ਦੇ ਰਹੇ ਹਨ।ਉਨਾਂ ਕਿਹਾ ਕਿ ਜ਼ਿਲੇ ਵਿੱਚ ਕੋਵਿਡ ਟੀਕਾਕਰਨ ਦੀ ਪਹਿਲੀ, ਦੂਜੀ ਤੇ ਬੂਸਟਰ ਡੋਜ਼ ਲਗਵਾਉਣ ਵਾਲਿਆਂ ਦੀ ਦਰ ਨਿਰੰਤਰ ਉਪਰਾਲਿਆਂ ਨਾਲ ਵਧ ਰਹੀ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਬਲਾਕ ਪੱਧਰ ’ਤੇ ਪੂਰੀ ਸਰਗਰਮ ਹਨ।

Check Also

ਖਾਲਸਾ ਕਾਲਜ ਵੈਟਰਨਰੀ ਵੱਲੋਂ ਵਿਸ਼ਵ ਪੋਲਟਰੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ …