ਏ.ਡੀ.ਸੀ ਨੇ ਘੱਗਰ ’ਤੇ ਚੱਲ ਰਹੇ ਹੜ੍ਹ ਰੋਕੂ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਸੰਭਾਵੀ ਹੜਾਂ ਦੀ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਜਿੱਠਣ
ਲਈ ਸਾਰਥਕ ਕਦਮ ਪੁੱਟਣ ‘ਚ ਜੁੱਟ ਗਿਆ ਹੈ ਤਾਂ ਜੋ ਨੇੜ ਭਵਿੱਖ ਵਿੱਚ ਕਿਸੇ ਵੀ ਤਰਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।ਇਸੇ ਮਹੀਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਮੇਨ ਹੈਡ ਖਨੌਰੀ, ਮੂਨਕ, ਚਾਂਦੂ, ਮਕਰੋੜ ਸਾਹਿਬ ਆਦਿ ਥਾਵਾਂ ਦੇ ਕੀਤੇ ਗਏ ਦੌਰੇ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਹੋਰਨਾਂ ਅਧਿਕਾਰੀਆਂ ਸਮੇਤ ਘੱਗਰ ਦਰਿਆ ਦੇ ਨਾਲ ਲਗਦੇ ਖਨੌਰੀ, ਚਾਂਦੂ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਨੌਰੀ ਤੋਂ ਮਕਰੋੜ ਸਾਹਿਬ ਤੱਕ ਕਰੀਬ 22 ਕਿਲੋਮੀਟਰ ਲੰਬੇ ਰਸਤੇ ਵਿੱਚ ਘੱਗਰ ਦੇ ਪਾਣੀ ਦੀ ਸਫ਼ਾਈ ਪ੍ਰਕਿਰਿਆ ਜਾਰੀ ਹੈ ਅਤੇ ਡਰੇਨੇਜ਼ ਵਿਭਾਗ ਵਲੋਂ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਘੱਗਰ ਵਿੱਚੋਂ ਮਿੱਟੀ ਗਾਰ ਕੱਢ ਕੇ ਪਾਣੀ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਨਾਲੋ ਨਾਲ ਇਸ ਮਿੱਟੀ ਨੂੰ ਬੰਨਾਂ ਦੀ ਮਜ਼ਬੂਤੀ ਲਈ ਵੀ ਵਰਤਿਆ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ।ਧਾਲੀਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਖੁੁਦ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਖਨੌਰੀ ਵਿਖੇ ਸਥਾਪਤ ਕੀਤੇ ਫਲੱਡ ਕੰਟਰੋਲ ਰੂਮ ’ਚ ਤਾਇਨਾਤ ਅਮਲੇ ਨੂੰ ਸਟੇਟ ਫਲੱਡ ਕੰਟਰੋਲ ਰੂਮ ਨਾਲ ਲਗਾਤਾਰ ਰਾਬਤਾ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਤੁਰੰਤ ਸੂਚਨਾ ਅਤੇ ਤੇਜ਼ੀ ਨਾਲ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।ਏ.ਡੀ.ਸੀ ਵਲੋਂ ਕੀਤੇ ਦੌਰੇ ਮੌਕੇ ਉਪ ਮੰਡਲ ਮੈਜਿਸਟਰੇਟ ਨਵਰੀਤ ਕੌਰ ਸੇਖੋਂ, ਐਸ.ਡੀ.ਓ ਡਰੇਨੇਜ਼ ਚੇਤਨ ਗੁਪਤਾ, ਜੇ.ਈ ਹਰਦੀਪ ਸਿੰਘ ਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਵੀ ਮੌਜ਼ੂਦ ਸਨ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ ਦੇ ਸਮੂਹ ਉਪ ਮੰਡਲ ਮੈਜਿਸਟੇਰਟ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ ਆਪਣੀਆਂ ਸਬ ਡਵੀਜ਼ਨਾਂ ਵਿੱਚ ਆਉਂਦੇ ਦਰਿਆ, ਬਰਸਾਤੀ ਨਾਲਿਆਂ, ਚੋਆਂ ਆਦਿ ’ਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਲੋੜ ਪੈਣ ‘ਤੇ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
Punjab Post Daily Online Newspaper & Print Media