Friday, February 27, 2026

ਵਿਸ਼ਵ ਮਲੇਰੀਆ ਦਿਵਸ ਮੌਕੇ ਸੀ.ਐਚ.ਸੀ ਮਾਨਾਂਵਾਲਾ ਵਿਖੇ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ

ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕੀਤਾ ਜਾਵੇਗਾ – ਕੈਬਨਿਟ ਮੰਤਰੀ ਹਰਭਜਨ ਸਿੰਘ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕੀਤਾ ਜਾਵੇਗਾ ਅਤੇ ਇਸ ਬਿਮਾਰੀ ਦੇ ਖਾਤਮੇ ਲਈ ਸਿਹਤ ਵਿਭਾਗ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਪਿਛਲੇ ਸਾਲ ਜਿਲ੍ਹੇ ਵਿੱਚ ਕੋਈ ਵੀ ਮਲੇਰੀਆ ਦਾ ਕੇਸ ਨਹੀਂ ਪਾਇਆ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਵਿਸ਼ਵ ਮਲੇਰੀਆ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਇਕ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕੀਤਾ।
                ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਾਡੀ ਸਰਕਾਰ ਦੀ ਮੁੱਖ ਤਰਜ਼ੀਹ ਸਿੱਖਿਆ ਅਤੇ ਸਿਹਤ ਹੈ। ਸਿਹਤ ਵਿਭਾਗ ਅੰਮ੍ਰਿਤਸਰ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਸਪਤਾਲ ਆਉਣ ਵਾਲੇ ਹਰ ਮਰੀਜ਼ ਨੂੰ ਵਧੀਆਂ ਸਿਹਤ ਸੇਵਾਵਾਂ ਦੇ ਨਾਲ ਨਾਲ ਓਹਨਾ ਪ੍ਰਤੀ ਪਿਆਰ ਅਤੇ ਹਲੀਮੀ ਵਾਲਾ ਰਵਈਆ ਜਰੂਰ ਅਪਣਾਉਣ ਲਈ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਓਹਨਾ ਕਿਹਾ ਕਿ ਜਿਲਾ ਅੰਮਿ੍ਰਤਸਰ ਨੂੰ ਸਟੇਟ ਪੱਧਰੀ ਅਵਾਰਡ ਮਿਲਣਾ ਇਥੋਂ ਦੇ ਸਿਹਤ ਵਿਭਾਗ ਦੇ ਸਮੂਹ ਟੀਮ ਲਈ ਸ਼ਲਾਘਾਯੋਗ ਹੈ। ਓਹਨਾ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਜੇ ਥੋੜਾ ਸਮਾਂ ਹੋਇਆ ਹੈ ਅਤੇ ਲੋਕਾਂ ਦੇ ਮੁਤਾਬਿਕ ਇਕ ਤਬਦੀਲੀ ਨਜਰ ਆ ਰਹੀ ਹੈ ਓਹਨਾ ਸਮੂਹ ਸਟਾਫ ਨੂੰ ਇਹ ਅਪੀਲ ਕੀਤੀ ਕਿ ਆਪਣੇ ਆਪਣੇ ਕੰਮ ਦੇ ਪ੍ਰਤੀ ਪੂਰੀ ਇਮਾਨਦਾਰੀ ਦਿਖਾਉਣ।
              ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਮਲੇਰੀਆ ਬਿਮਾਰੀ ਦੇ ਪਿਛੋਕੜ ਬਾਰੇ ਗੱਲ ਕਰਦੇ ਕਿਹਾ ਕਿ ਸਿਹਤ ਵਿਭਾਗ ਅੰਮ੍ਰਿਤਸਰ ਮਲੇਰੀਆ ਵਿੰਗ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਸ਼ਹਿਰ ਨੂੰ ਮਲੇਰੀਆ ਮੁਕਤ ਰੱਖਿਆ ਜਾਵੇ। ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਮਦਨ ਮੋਹਨ ਨੇ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਾਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਖੜੇ ਸਾਫ ਪਾਣੀ ਵਿਚ ਪੈਦਾ ਹੁੰਦੇ ਹਨ, ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕਟਦੇ ਹਨ।ਮਲੇਰੀਆ ਬੁਖਾਰ ਦੇ ਮੁੱਖ ਲੱਛਣ ਹਨ, ਠੰਡ ਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸ਼ਰੀਰ ਨੂੰ ਪਸੀਨਾ ਆਉਣਾ।
               ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਮਦਨ ਮੋਹਨ ਨੇ ਮਲੇਰੀਆ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਹਰ ਸ਼ੁਕਰਵਾਰ ਡ੍ਰਾਈ ਡੇ ਵਜੋਂ ਮਨਾਉਣ ਦਾ ਸੱਦਾ ਦਿੱਤਾ।ਉਨਾਂ ਕਿਹਾ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ।ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪੇਟਿੰਗ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਮਲੇਰੀਆ ਬਾਰੇ ਜਾਗਰੂਕ ਕੀਤਾ।ਜਿਲੇ ਦੇ ਵੱਖ ਵੱਖ ਬਲਾਕਾਂ ਤੋਂ ਪਹੁੰਚੇ ਵਧੀਆਂ ਸੇਵਾਵਾਂ ਦੇਣ ਵਾਲੇ ਮਲਟੀ ਪਰਪਰਪਜ਼ ਹੈਲਥ ਸੁਪਰਵਾਈਜ਼ਰ ਨੂੰ ਸਨਮਾਨ ਚਿੰਨ੍ਹ ਅਤੇ ਬਲਾਕ ਮਾਨਾਂਵਾਲਾ ਦੇ ਸਮੂਹ ਮੇਲ ਹੈਲਥ ਵਰਕਰ ਨੂੰ ਪ੍ਰਸ਼ੰਸਾ ਪੱਤਰ ਅਤੇ ਪੇਟਿੰਗ ਮੁਕਾਬਲਿਆਂ ਦੌਰਾਨ ਪਹਿਲੇ ਦੂਜੇ ਨੰਬਰ ‘ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।
                 ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਵਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਵੰਡੇ ਗਏ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਪਿੰਗਲਵਾੜਾ ਸੈਂਟਰ ਮਾਨਾਂਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਅਤੇ ਰਾਇਲ ਇੰਸਟੀਟਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ, ਜਿਸ ਵਿਚ ਅੰਜ਼ਲੀ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਪਿੰਗਲਵਾੜਾ ਸੈਂਟਰ ਮਾਨਾਂਵਾਲਾ ਨੇ ਪਹਿਲਾ ਸਥਾਨ, ਕਿਰਨਜੀਤ ਕੌਰ ਰਾਇਲ ਕਾਲਜ ਓਫ ਨਰਸਿੰਗ ਧਾਰੜ ਨੇ ਦੂਸਰਾ ਸਥਾਨ ਅਤੇ ਸ਼ਾਲੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ।
                ਨਰੇਸ਼ ਪਾਠਕ, ਸਟੇਟ ਜਾਇੰਟ ਸੈਕਟਰੀ ਆਮ ਆਦਮੀ ਪਾਰਟੀ, ਮੈਡੀਕਲ ਅਫਸਰ ਡਾ. ਸ਼ੁਭਪ੍ਰੀਤ ਸਿੰਘ, ਮੈਡੀਕਲ ਅਫਸਰ ਡਾ. ਸਾਹਿਲ ਬਤਰਾ, ਡਾ. ਰਜਨੀਸ਼ ਕੁਮਾਰ ਨੂੰ ਵਧੀਆਂ ਸੇਵਾਵਾਂ ਦੇਣ ਲਈ ਸਨਮਾਨ ਕੀਤਾ ਗਿਆ।
              ਇਸ ਮੌਕੇ ਜ਼ਿਲ੍ਹਾ ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਬਲਬੀਰ ਸਿੰਘ ਜੰਡ, ਡਾ. ਰਿਚਾ ਵਰਮਾ, ਗੁਰਦੇਵ ਸਿੰਘ ਢਿੱਲੋਂ, ਰਾਮ ਮਹਿਤਾ, ਪਵਨ ਕੁਮਾਰ, ਤਰਲੋਕ ਸਿੰਘ, ਪ੍ਰਿਤਪਾਲ ਸਿੰਘ, ਬਲਜੀਤ ਸਿੰਘ ਐਸ.ਆਈ, ਅਜਮੇਰ ਸਿੰਘ, ਹਰਜਿੰਦਰਪਾਲ ਸਿੰਘ, ਹਰਜੀਤ ਸਿੰਘ, ਕੰਵਰਦੀਪ ਸਿੰਘ, ਬਲਜੀਤ ਸਿੰਘ ਝੀਤਾਂ ਕਲਾਂ ਸਮੇਤ ਸਮੂਹ ਮੇਲ ਵਰਕਰ, ਏ.ਐਨ.ਐਮ ਅਤੇ ਸੀ.ਐਚ.ਓ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …