ਅੰਮ੍ਰਿਤਸਰ, 27 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਇਕ ਰੋਜ਼ਾ ਆਈ.ਸੀ.ਐਸ.ਐਸ.ਆਰ
ਸਪਾਂਸਰਡ ਰਾਸ਼ਟਰੀ ਸੈਮੀਨਾਰ : ਪੰਜਾਬ ’ਚ ਪ੍ਰਵਾਸ ਦਾ ਵਰਤਾਰਾ: ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਪਹਿਲੂ’ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਾਬਕਾ ਚੇਅਰਪਰਸਨ ਪ੍ਰੋਫੈਸਰ ਰੌਣਕੀ ਰਾਮ ਨੇ ਮੁੱਖ ਭਾਸ਼ਣ ਦਿੱਤਾ।
ਉਨ੍ਹਾਂ ਨੇ ਪੰਜਾਬੀ ਖੇਤਰ ਦੀਆਂ ਇਤਿਹਾਸਕ ਅਤੇ ਸਮਾਜਿਕ-ਰਾਜਨੀਤਿਕ ਸਥਿਤੀਆਂ ਦੀ ਰੌਸ਼ਨੀ ’ਚ ਪ੍ਰਵਾਸ ਤੇ ਬਿਰਤਾਂਤ ਬਾਰੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪ੍ਰਵਾਸ ਲੰਬੇ ਸਮੇਂ ਤੋਂ ਇਕ ਦੂਜੇ ਦੇ ਹਾਣੀ ਰਹੇ ਹਨ। ਲੋਕ ਸਦੀਆਂ ਤੋਂ ਇਸ ਖੇਤਰ ਵੱਲ ਆਕਰਸ਼ਿਤ ਹੋਏ ਹਨ, ਪਰ ਬਾਹਰੀ ਪ੍ਰਵਾਸ ਬ੍ਰਿਟਿਸ਼ ਸ਼ਾਸਨ ਦੌਰਾਨ ਹੀ ਸ਼ੁਰੂ ਹੋਇਆ ਸੀ।ਆਪਣੇ ਭਾਸ਼ਣ ਦੇ ਅੰਤ ’ਚ ਪ੍ਰੋ: ਰੌਣਕੀ ਰਾਮ ਨੇ ਪ੍ਰਵਾਸ ਦੇ ਵੱਖ-ਵੱਖ ਪਹਿਲੂਆਂ ਨੂੰ ਛੂਹਿਆ ਅਤੇ ਇਸ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਲੈਣ ਦੀ ਰਾਏ ਦਿੱਤੀ।
ਡਾ. ਮਹਿਲ ਸਿੰਘ ਨੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੋਂ ਸਿੱਖ ਕੇ ਪੰਜਾਬ ਅਤੇ ਦੇਸ਼ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਭਾਵੇਂ ਉਹ ਵਿਦੇਸ਼ਾਂ ’ਚ ਹੀ ਕਿੳਂੁ ਨਾ ਰਹਿਣ।ਪ੍ਰੋ: ਐਸ.ਐਸ ਸੋਹਲ ਨੇ ਆਪਣੇ ਪੇਪਰ ’ਚ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ’ਚ ਪੰਜਾਬ ’ਚ ਆਉਣ ਵਾਲੇ ਪ੍ਰਵਾਸ ਦਾ ਜ਼ਿਕਰ ਕੀਤਾ ਜੋ ਹਮੇਸ਼ਾਂ ਧੱਕੇ ਅਤੇ ਖਿੱਚ ਦੇ ਕਾਰਨਾਂ ਦੁਆਰਾ ਸੰਚਾਲਿਤ ਸੀ।ਜਦਕਿ ਡਾ. ਗੁਰਪ੍ਰੀਤ ਬੱਲ ਨੇ ਔਰਤਾਂ ਦੇ ਕੈਨੇਡਾ ’ਚ ਪ੍ਰਵਾਸ ਦੇ ਵੱਖ-ਵੱਖ ਪੈਟਰਨਾਂ ’ਤੇ ਚਾਨਣਾ ਪਾਇਆ ਅਤੇ ਕੈਨੇਡਾ ’ਚ ਔਰਤਾਂ ਦੀ ਸਮਾਜਿਕ ਸਥਿਤੀ ’ਚ ਤਬਦੀਲੀਆਂ ਸਮੇਤ ਉਨ੍ਹਾਂ ਦੇ ਜਾਣ ਦੇ ਵੱਖ-ਵੱਖ ਪੜਾਵਾਂ ’ਤੇ ਚਰਚਾ ਕੀਤੀ।
ਜੀ.ਐਨ.ਡੀ.ਯੂ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁੱਖੀ ਡਾ. ਐਸ.ਐਸ ਦਿਉਲ ਨੇ ਆਪਣੇ ਪੇਪਰ ’ਚ ਪ੍ਰਵਾਸ ਦੇ ਮੂਲ ਕਾਰਨਾਂ ਦਾ ਜ਼ਿਕਰ ਕੀਤਾ।ਇਨ੍ਹਾਂ ’ਚੋਂ ਇਕ ਭਾਰਤੀ ਰਾਜ ਦੀ ਬਦਲਦੀ ਭੂਮਿਕਾ ਹੈ ਜੋ ਪ੍ਰਦਾਤਾ ਤੋਂ ਰੈਗੂਲੇਟਿਵ ’ਚ ਬਦਲ ਗਈ ਹੈ।ਦਿੱਲੀ ਯੂਨੀਵਰਸਿਟੀ ਦੇ ਦੇਸਬੰਧੂ ਕਾਲਜ ਦੇ ਡਾ. ਵਿਸ਼ਵਜੀਤ ਮਹੰਤੀ ਨੇ ਵਿਦੇਸ਼ੀ ਧਰਤੀ ਤੇ ਪ੍ਰਵਾਸੀਆਂ ਦੀ ਪਛਾਣ ਸਮੇਤ ਪਛਾਣ ਬਣਾਉਣ ’ਚ ਮੀਡੀਆ ਦੀ ਭੂਮਿਕਾ ਦਾ ਵਰਣਨ ਕੀਤਾ।ਕਾਲਜ ਦੇ ਸੈਂਟਰ ਫਾਰ ਆਲ ਇੰਡੀਆ ਕੰਪੀਟੀਟਿਵ ਐਗਜ਼ਾਮੀਨੇਸ਼ਨ ਤੋਂ ਕੋਆਰਡੀਨੇਟਰ ਪ੍ਰੋ: ਜੇ.ਐਸ ਸੇਖੋਂ ਨੇ ਸਮਾਪਤੀ ਭਾਸ਼ਣ ਦਿੱਤਾ ਅਤੇ ਪ੍ਰਵਾਸ ਦੇ ਫਾਇਦਿਆਂ ਅਤੇ ਨੁਕਸਾਨ ਬਾਰੇ ਚਾਨਣਾ ਪਾਇਆ ਅਤੇ ਵਿਭਾਗ ਮੁੱਖੀ ਪੋ੍ਰ. ਜਸਪ੍ਰੀਤ ਕੌਰ ਨੇ ਸੈਮੀਨਾਰ ’ਚ ਆਏ ਡੈਲੀਗੇਟਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਸੈਮੀਨਾਰ ਦੌਰਾਨ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਹਰਬਿਲਾਸ ਸਿੰਘ ਰੰਧਾਵਾ, ਡਾ. ਦਵਿੰਦਰ ਕੌਰ, ਡਾ. ਬਲਜੀਤ ਸਿੰਘ, ਪ੍ਰੋ: ਸੰਦੀਪ ਕੌਰ ਅਤੇ ਵੱਡੀ ਗਿਣਤੀ ’ਚ ਵੱਖ-ਵੱਖ ਵਿਭਾਗਾਂ ਦੇ ਫੈਕੇਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media