Friday, May 8, 2026

ਡੀ.ਟੀ.ਐਫ਼ ਨੇ ਗਰਮੀ ਦੀਆਂ ਛੁੱਟੀਆਂ ਵਧਾਉਣ ਦੇ ਸਰਕਾਰੀ ਹੁਕਮ ਵਾਪਸ ਲੈਣ ਦੀ ਕੀਤੀ ਮੰਗ

ਸਕੂਲਾਂ ਦਾ ਸਮਾਂ 8:00 ਵਜੇ ਤੋਂ 12:30 ਵਜੇ ਤੱਕ ਕੀਤਾ ਜਾਵੇ – ਬਲਵੀਰ ਚੰਦ

ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਨੇ ਵਧਦੀ ਗਰਮੀ ਦੇਖਦਿਆਂ ਗਰਮੀ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ ਅਤੇ 14 ਮਈ ਤੱਕ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਹੈ। ਡੀ.ਟੀ.ਐਫ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਡੀ.ਟੀ.ਐਫ ਸੰਗਰੂਰ ਜਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਤੇ ਹਰਭਜਨ ਗੁਰਨੇ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਕਰਨ ਦੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਸਕੂਲਾਂ ਵਿੱਚ ਛੁੱਟੀਆਂ ਵਧਾ ਰਹੀ ਹੈ।ਜਿਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੋਵੇਗਾ।ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਕਾਰਨ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ।ਗਰਮੀ ਦੀਆਂ ਛੁੱਟੀਆਂ 1 ਜੂਨ ਦੀ ਬਜ਼ਾਏ 15 ਮਈ ਤੋਂ ਕਰਕੇ ਵਿਦਿਆਰਥੀਆਂ ਦਾ ਕਲਾਸ ਰੂਮ ਸਮਾਂ ਘਟਾ ਕੇ ਪੜਾਈ ਦਾ ਵੱਡਾ ਨੁਕਸਾਨ ਹੋਵੇਗਾ।ਭਾਵੇਂ ਆਨਲਾਈਨ ਕਲਾਸਾਂ ਦਾ ਫੁਰਮਾਨ ਜਾਰੀ ਕੀਤਾ ਹੈ, ਪਰ ਆਨਲਾਈਨ ਕਲਾਸਾਂ ਕਲਾਸ-ਰੂਮ ਸਿੱਖਿਆ ਦਾ ਬਦਲ ਨਹੀਂ।ਬਿਜਲੀ ਸੰਕਟ ਨਾਲ ਜੂਝ ਰਹੇ ਸੂਬੇ ਵੱਲ ਕੋਈ ਧਿਆਨ ਨਹੀਂ ਸਗੋਂ ਸਕੂਲ ਬੰਦ ਕਰਕੇ ਸਰਕਾਰ ਆਪਣੀਆਂ ਕਮੀਆਂ `ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜਥੇਬੰਦੀ ਸਰਕਾਰ ਦੇ ਇਹਨਾਂ ਫੁਰਮਾਨਾਂ ਦਾ ਵਿਰੋਧ ਕਰਦੀ ਹੈ ਅਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।ਜਿਲ੍ਹਾ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ `ਤੇ ਪੰਜਾਬ ਸਰਕਾਰ ਗਰੀਬ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਲਈ ਮੰਡੀ ਬਣਾਉਣ ਜਾ ਰਹੀ ਹੈ।

             ਆਗੂਆਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਸਿੱਖਿਆ ਅਤੇ ਵਿਦਿਆਰਥੀਆਂ ਲਈ ਸੁਹਿਰਦ ਹੈ ਤਾਂ ਉਹ ਆਪਣਾ ਪਹਿਲਾ ਫੁਰਮਾਨ ਵਾਪਸ ਲੈਂਦਿਆਂ ਗਰਮੀ ਦੀਆਂ ਛੁੱਟੀਆਂ ਘਟਾ ਕੇ ਮਈ ਮਹੀਨੇ ਦੌਰਾਨ ਸਕੂਲਾਂ ਦਾ ਸਮਾਂ 8:00 ਤੋਂ 12:30 ਵਜੇ ਦਾ ਕਰੇ ਅਤੇ ਆਨਲਾਈਨ ਕਲਾਸਾਂ ਦਾ ਫੁਰਮਾਨ ਵਾਪਸ ਲਿਆ ਜਾਵੇ।ਅਧਿਆਪਕਾਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਮੋਬਾਈਲ ਭੱਤਾ ਤੁਰੰਤ ਲਾਗੂ ਕੀਤਾ ਜਾਵੇ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …