Friday, April 17, 2026

ਜ਼ਮੀਨ ਹੇਠਲੇ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਰੋਕਣ ਲਈ ਝੋਨੇ ਦੀ ਸਿੱਧੀ ਤਕਨੀਕ ਅਪਨਾਉਣ ਦੀ ਲੋੜ- ਡਿਪਟੀ ਕਮਿਸ਼ਨਰ

ਝੋਨੇ ਦੀ ਸਿੱਧੀ ਬਿਜ਼ਾਈ ਤਕਨੀਕ ਬਾਰੇ ਵਿਸ਼ੇਸ਼ ਜਾਗਰੁਕਤਾ ਕੈਂਪ ਲਗਾਇਆ ਗਿਆ

ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਲਗਾਤਾਰ ਗਿਰਾਵਟ ਕਾਰਨ ਕਿਸਾਨਾਂ ਨੂੰ ਝੋਨੇ ਦੀਆਂ ਅਜਿਹੀਆਂ ਤਕਨੀਕਾਂ ਅਪਣਾਉਣ ਦੀ ਜ਼ਰੂਰਤ ਹੈ ,ਜਿਸ ਨਾਲ ਪਾਣੀ ਦੀ ਘੱਟ ਖੱਪਤ ਹੋਵੇ।ਇਹ ਵਿਚਾਰ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਆਈ.ਏ.ਐਸ ਨੇ ਜ਼ਿਲਾ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜ਼ਾਈ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ‘ਚ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਹੇ।ਇਹ ਕੈਂਪ ਜ਼ਿਲੇ ਭਰ ਤੋਂ ਆਏ ਸਰਪੰਚਾਂ ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਕਰਨ ਲਈ ਲਗਾਇਆ ਗਿਆ।ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ.ਪ੍ਰਿਤਪਾਲ ਸਿੰਘ, ਡਾ.ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸਮੂਹ ਸਟਾਫ, ਰਵਿੰਦਰ ਸਿੰਘ ਸਰਪੰਚ ਚੱਕ ਮਨਹਾਸਾਂ, ਕਿ੍ਰਪਾਲ ਸਿੰਘ ਛਤਵਾਲ, ਗੁਰਵਿੰਦਰ ਸਿੰਘ ਜਮਾਲਪੁਰ, ਸਰਬਜੀਤ ਸਿੰਘ ਮਾਹੀਚੱਕ ਆਦਿ ਵੀ ਇਸ ਸਮੇਂ ਹਾਜ਼ਰ ਸਨ।
                    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨ ਬ ਦਿਨ ਹੇਠਾਂ ਜਾਣ ਨਾਲ ਭਵਿੱਖ ਦੀ ਖੇਤੀ ਖਤਰੇ ਵਿੱਚ ਪੈ ਗਈ ਹੈ।ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਜ਼ਰੂਰੀ ਹੈ ਕਿ ਝੋਨੇ ਦੀ ਰਵਾਇਤੀ ਕੱਦੂ ਕਰਨ ਦੀ ਤਕਨੀਕ ਦੀ ਬਜ਼ਾਏ ਝੋਨੇ ਦੀ ਸਿੱਧੀ ਬਿਜ਼ਾਈ ਕੀਤੀ ਜਾਵੇ।ਜਿਸ ਨਾਲ 20-25 ਫੀਸਦੀ ਮਜ਼ਦੂਰੀ ਦੀ ਬੱਚਤ ਹੁੰਦੀ ਹੈ।ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜ਼ਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਰਕਮ ਉਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇਗੀ।
                   ਉਨ੍ਹਾਂ ਦੱਸਿਆ ਕਿ ਸ਼ੋਸ਼ਲ ਮੀਡੀਆ ਰਾਹੀ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਤੱਕ ਸਿੱਧੀ ਬਿਜ਼ਾਈ ਤਕਨੀਕ ਪਹੁੰਚਾਉਣ ਲਈ ਜ਼ਿਲ੍ਹਾ ਪਠਾਨਕੋਟ ਦਾ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ” ਸ਼ੁਰੂ ਕੀਤਾ ਗਿਆ ਹੈ।
                     ਡਾ.ਅਮਰੀਕ ਸਿੰਘ ਨੇ ਕਿਹਾ ਕਿ ਤਕਨੀਕ ਨਵੀਂ ਹੋਣ ਕਾਰਨ, ਪਹਿਲੀ ਵਾਰ ਇਸ ਤਕਨੀਕ ਨੂੰ ਅਪਣਾ ਰਹੇ ਕਿਸਾਨਾਂ ਨੂੰ ਆਪਣੀ ਕੁੱਲ ਮਾਲਕੀ ਦਾ 20 ਫੀਸਦੀ ਰਕਬਾ ਹੀ ਝੋਨੇ ਦੀ ਸਿੱਧੀ ਬਿਜ਼ਾਈ ਹੇਠ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਕੀਤੀਆਂ ਵਿਸ਼ੇਸ਼ ਹਦਾਇਤਾਂ ‘ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜ਼ਾਈ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
                 ਮਾਸਟਰ ਟ੍ਰੇਨਰ ਡਾ. ਪ੍ਰਿਤਪਾਲ ਸਿੰਘ ਨੇ ਕੰਪਿਊਟਰ ਦੀ ਮਦਦ ਨਾਲ ਝੋਨੇ ਦੀ ਸਿੱਧੀ ਬਿਜ਼ਾਈ ਤਕਨੀਕ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਬਿਜ਼ਾਈ ਤੋਂ ਪਹਿਲਾਂ ਘੱਟੋ ਘੱਟ ਦੋ ਰੌਣੀਆਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਪਿਛਲੇ ਸਾਲ ਦੇ ਝੋਨੇ ਦੇ ਬੀਜ਼, ਨਦੀਨਾਂ ਦੇ ਬੀਜ਼ ਅਤੇ ਜੰਗਲੀ ਝੋਨੇ ਦੇ ਬੀਜ਼ ਖਤਮ ਕੀਤੇ ਜਾ ਸਕਣ।ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ੁਸ਼ਦਾ ਨਦੀਨਨਾਸ਼ਕਾਂ ਦਾ ਸਹੀ ਅਵਸਥਾ ‘ਤੇ ਸਹੀ ਤਕਨੀਕ ਨਾਲ ਛਿੜਕਾਅ ਕਰਨਾ ਚਾਹੀਦਾ ਹੈ।ਗੁਰਦਿੱਤ ਸਿੰਘ ਨੇ ਕਿਹਾ ਕਿਹਾ ਕਿ ਪੀ.ਐਮ ਕਿਸਾਨ ਸਕੀਮ ਤਹਿਤ ਜਿੰਨਾ ਕਿਸਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ, ਉਹ ਸਵੈ ਘੋਸ਼ਣਾ ਪੱਤਰ, ਅਧਾਰ ਕਾਰਡ ਦੀ ਕਾਪੀ, ਬੈਂਕ ਪਾਸਬੁੱਕ ਦੀ ਕਾਪੀ ਅਤੇ ਜਮਾਂਬੰਦੀ ਦੀ ਪੁਰੀ ਬਣਾ ਕੇ ਸਰਪੰਚ ਕੋਲੋਂ ਤਸਦੀਕ ਕਰਨ ਉਪਰੰਤ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾਉਣ।ਟੈਕਨੀਸ਼ਨ ਪਵਨ ਕੁਮਾਰ ਥਾਪਾ ਨੇ ਖੇਤੀ ਮਸ਼ੀਨਰੀ ਬਾਰੇ ਚਲਾਈਆ ਜਾ ਰਹੀਆ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …