Sunday, March 22, 2026

ਵਿਸ਼ਵ ਧਰਮ ਇਤਿਹਾਸ ਵਿੱਚ ਕਰੂਰ ਕਾਰੇ ਵਜੋਂ ਰਹੇਗਾ ਯਾਦ ਜੂਨ ‘84 ਦਾ ਘੱਲੂਘਾਰਾ – ਐਡਵੋਕੇਟ ਧਾਮੀ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਮੌਕੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਅਤੇ ਬੱਚਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਘੱਲੂਘਾਰੇ ਦੌਰਾਨ ਸਿੱਖ ਕੌਮ ਦੇ ਯੋਧਿਆਂ ਨੇ ਪੁਰਾਤਨ ਸਿੱਖ ਰਵਾਇਤਾਂ ਦੀ ਪਹਿਰੇਦਾਰੀ ਕੀਤੀ ਅਤੇ ਸ਼ਹਾਦਤਾਂ ਦੀ ਲੜੀ ਨੂੰ ਅੱਗੇ ਤੋਰਿਆ।ਘੱਲੂਘਾਰੇ ਸਬੰਧੀ ਸ਼ਹੀਦੀ ਸਮਾਗਮ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਕਦੇ ਵੀ ਆਪਣੇ ਗੁਰਧਾਮਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਚੜ੍ਹ ਕੇ ਆਏ ਦੁਸ਼ਮਣ ਨੂੰ ਸਿੱਖ ਕੌਮ ਨੇ ਹਮੇਸ਼ਾ ਹੀ ਮੂੰਹ ਤੋੜਵਾਂ ਜਵਾਬ ਦਿੱਤਾ।ਉਨ੍ਹਾਂ ਆਖਿਆ ਕਿ ਜੂਨ 1984 ਦਾ ਘੱਲੂਘਾਰਾ ਕਿਸੇ ਬਾਹਰੀ ਦੁਸ਼ਮਣ ਨੇ ਨਹੀਂ, ਬਲਕਿ ਆਪਣੇ ਹੀ ਦੇਸ਼ ਦੀ ਜਾਲਮ ਸਰਕਾਰ ਦਾ ਵਹਿਸ਼ੀਆਣਾ ਕਾਰਾ ਸੀ।ਇਹ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਕਾਰਵਾਈ ਸੀ, ਜਿਸ ਨੂੰ ਪੂਰੇ ਵਿਸ਼ਵ ਦੇ ਧਰਮ ਇਤਿਹਾਸ ਵਿਚ ਕਰੂਰ ਕਾਰੇ ਵਜੋਂ ਯਾਦ ਰੱਖਿਆ ਜਾਵੇਗਾ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …