ਕਿਹਾ, ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਪੁਰਾਤਨ ਸਿੰਘਾਂ ਵਾਂਗ ਧਰਮ ਪ੍ਰਚਾਰ ਲਈ ਅੱਗੇ ਆਉਣ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਗਏ ਸਾਲਾਨਾ ਸ਼ਹੀਦੀ ਸਮਾਗਮ ਮੌਕੇ ਸਿੱਖ ਕੌਮ ਨੂੰ ਸੰਬੋਧਨ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ’ਤੇ ਹੋਏ ਜ਼ੁਲਮਾਂ ਦੀ ਦਰਦ ਭਰੀ ਗਾਥਾ ਹੈ, ਜੋ ਭਾਰਤੀ ਸਟੇਟ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਦੇਣ ਸੀ।ਉਨ੍ਹਾਂ ਕਿਹਾ ਕਿ 1947 ’ਚ ਹੋਈ ਦੇਸ਼ ਵੰਡ ਦੇ ਸਮੇਂ ਤੋਂ ਹੀ ਸਿੱਖਾਂ ਨੂੰ ਨੱਪਣ ਤੇ ਕੁੱਟਣ ਦੀ ਨੀਤੀ ਸ਼ੁਰੂ ਹੋ ਗਈ ਸੀ, ਜਿਸ ਦਾ ਮੁੱਖ ਸੂਤਰਧਾਰ ਪੰਡਤ ਜਵਾਹਰ ਲਾਲ ਨਹਿਰੂ ਸੀ ਅਤੇ ਇਸੇ ਦਾ ਹੀ ਸਿੱਟਾ ਸੀ ਕਿ 1984 ਵਿਚ ਭਾਰਤ ਦੀ ਕਾਂਗਰਸ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਸਿੱਖ ਗੁਰਧਾਮਾਂ ’ਤੇ ਫ਼ੋਜੀ ਹਮਲੇ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦਾ ਯਤਨ ਕੀਤਾ। ਪਰੰਤੂ ਸਿੱਖ ਯੋਧਿਆਂ ਨੇ ਇਤਿਹਾਸ ਤੋਂ ਸੇਧ ਲੈਂਦਿਆਂ ਦੁਸ਼ਮਣ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖਾਂ ਨੂੰ ਰਾਜ ਦਾ ਸੰਕਲਪ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਮਿਲਿਆ ਹੈ, ਜਿਸ ਨੂੰ ਸਿੱਖ ਅੱਜ ਵੀ ਰੋਜ਼ਾਨਾ ਅਰਦਾਸ ਸਮੇਂ ‘ਰਾਜ ਕਰੇਗਾ ਖਾਲਸਾ’ ਦੇ ਰੂਪ ਵਿਚ ਚੇਤੇ ਕਰਦੇ ਹਨ।ਉਨ੍ਹਾਂ ਕਿਹਾ ਕਿ ਅੱਜ ਕੌਮ ਨੂੰ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੌਰ ’ਤੇ ਮਜ਼ਬੂਤ ਹੋਣ ਦੀ ਜ਼ਰੂਰਤ ਹੈ ਅਤੇ ਇਸ ਸੇਧ ਵਿਚ ਸਿੱਖ ਨੌਜੁਆਨੀ ਨੂੰ ਉਚ ਦਰਜ਼ੇ ਦੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੁਨੀਆਂ ਵਿਚ ਅੱਗੇ ਵਧਣਾ ਹੋਵੇਗਾ।ਇਸ ਦੇ ਨਾਲ ਹੀ ਸਿੱਖ ਕੌਮ ਨੂੰ ਵਿਰਸੇ ’ਚ ਮਿਲੀ ਸਿੱਖ ਸ਼ਸਤਰ ਕਲਾ ਵਿਚ ਵੀ ਨਿਪੁੰਨ ਹੋਣਾ ਬੇਹੱਦ ਲਾਜ਼ਮੀ ਹੈ।ਇਸ ਲਈ ਸਿੱਖ ਕੌਮ ਸਿੱਖ ਮਾਰਸ਼ਲ ਆਰਟ ਗਤਕਾ ਅਤੇ ਹੋਰ ਵਿਰਾਸਤੀ ਸ਼ਸਤਰਾਂ ਦੀ ਸਿਖਲਾਈ ਦਾ ਪ੍ਰਬੰਧ ਕਰੇ ਅਤੇ ਲੋੜ ਮੁਤਾਬਿਕ ਆਧੁਨਿਕ ਹਥਿਆਰਾਂ ਦੀ ਸਿਖਲਾਈ ਲਈ ਵੀ ਸ਼ੂਟਿੰਗ ਰੇਂਜਾਂ ਸਥਾਪਿਤ ਕਰੇ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅੱਜ ਅਨੇਕਾਂ ਚੁਣੌਤੀਆਂ ਸਿੱਖ ਕੌਮ ਨੂੰ ਕਮਜ਼ੋਰ ਕਰ ਰਹੀਆਂ ਹਨ।ਨਸ਼ਿਆਂ ਅਤੇ ਅਨਮਤ ਦੇ ਪ੍ਰਚਾਰ ਨੇ ਸਿੱਖੀ ਨੂੰ ਢਾਹ ਲਾਈ ਹੈ।ਸਰਹੱਦੀ ਇਲਾਕਿਆਂ ਵਿਚ ਲਾਲਚ ਦੇ ਕੇ ਕੀਤਾ ਜਾ ਰਿਹਾ ਇਸਾਈਅਤ ਦਾ ਪ੍ਰਚਾਰ ਚਿੰਤਾਜਨਕ ਹੈ, ਜਿਸ ਪ੍ਰਤੀ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਪੁਰਾਤਨ ਸਿੰਘਾਂ ਵਾਂਗ ਧਰਮ ਪ੍ਰਚਾਰ ਲਈ ਅੱਗੇ ਆਉਣ।ਖ਼ਾਸਕਰ ਸਿੱਖ ਨੌਜੁਆਨੀ ਅੰਦਰ ਧਾਰਮਿਕ ਜਜ਼ਬਾ ਕੁੱਟ-ਕੁੱਟ ਕੇ ਭਰਿਆ ਜਾਵੇ, ਤਾਂ ਜੋ ਕੌਮ ਸਮਾਜਿਕ, ਆਰਥਿਕ ਅਤੇ ਰਾਜਨੀਤੀ ਤੌਰ ’ਤੇ ਮਜ਼ਬੂਤ ਹੋ ਸਕੇ।ਇਸੇ ਦੌਰਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰ ਵੱਲੋਂ ਘੱਲੂਘਾਰਾ ਹਫ਼ਤੇ ਦੌਰਾਨ ਅੰਮ੍ਰਿਤਸਰ ਸ਼ਹਿਰ ਵਿਚ ਸਰਕਾਰ ਵੱਲੋਂ ਫੋਰਸਾਂ ਦੀ ਭਾਰੀ ਤਾਇਨਾਤੀ ’ਤੇ ਵੀ ਸਵਾਲ ਉਠਾਇਆ।ਉਨ੍ਹਾਂ ਆਖਿਆ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਿੱਖ ਕੌਮ ਕਿਸੇ ਨੂੰ ਡਰਾਉਣ ਵਾਲੀ ਕੌਮ ਨਹੀਂ ਹੈ, ਸਗੋਂ ਇਹ ਤਾਂ ਮਜ਼ਲੂਮਾਂ ਦੀ ਰੱਖਿਆ ਕਰਦੀ ਆਈ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ ’ਤੇ ਹਮਲਾ ਅੱਜ ਵੀ ਕੌਮ ਨੂੰ ਪੀੜਾ ਦਿੰਦਾ ਹੈ ਅਤੇ ਇਹ ਇਤਿਹਾਸਕ ਸੱਚ ਹੈ ਕਿ ਜਿਸ ਨੇ ਵੀ ਗੁਰਧਾਮਾਂ ’ਤੇ ਹਮਲਾ ਕੀਤਾ, ਉਸ ਦੀ ਬਰਬਾਦੀ ਹੀ ਹੋਈ।ਉਨ੍ਹਾਂ ਘੱਲੂਘਾਰਾ ਦਿਹਾੜੇ ਦੇ ਸ਼ਹੀਦੀ ਸਮਾਗਮ ਦੌਰਾਨ ਪੁੱਜਣ ਵਾਲੀਆਂ ਪ੍ਰਮੁੱਖ ਪੰਥਕ ਸ਼ਖ਼ਸੀਅਤਾਂ ਅਤੇ ਸੰਗਤ ਦਾ ਧੰਨਵਾਦ ਵੀ ਕੀਤਾ।
ਸ਼ਹੀਦੀ ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਅਤੇ ਜੂਨ 1984 ਦੇ ਘੱਲੂਘਾਰੇ ਨੂੰ ਤਤਕਾਲੀ ਕਾਂਗਰਸ ਸਰਕਾਰ ਦੀ ਮਨੁੱਖਤਾ ਮਾਰੂ ਕਾਰਵਾਈ ਕਿਹਾ।ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਦੁਖਾਂਤ ਨੂੰ ਕਦੇ ਵੀ ਨਹੀਂ ਭੁੱਲ ਸਕਦੀ, ਸਗੋਂ ਹਰ ਸਾਲ ਇਸ ਦੇ ਜ਼ਖ਼ਮ ਹੋਰ ਤਾਜ਼ਾ ਹੁੰਦੇ ਹਨ।