ਬਾਲ ਕਵੀ ਦਰਬਾਰ 3 ਜੁਲਾਈ ਨੂੰ – ਗੁਰਜੰਟ ਸਿੰਘ ਰਾਹੀ
ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ 50 ਸਾਲਾ ਸਥਾਪਨਾ ਦਿਵਸ ਸਮਾਗਮਾਂ ਦੀ ਲੜੀ ਵਿੱਚ ਪੰਚਮ
ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਕਰਵਾਏ ਗਏ।ਗੁਰਜੰਟ ਸਿੰਘ ਰਾਹੀ ਜ਼ੋਨ ਪ੍ਧਾਨ, ਗੁਰਮੇਲ ਸਿੰਘ ਜਥੇਬੰਦਕ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਹਰਵਿੰਦਰ ਕੌਰ ਸਕੱਤਰ ਜ਼ੋਨ ਇਸਤਰੀ ਕੌਂਸਲ ਅਤੇ ਗੁਰਦੁਆਰਾ ਸਾਹਿਬ ਦੇ ਪ੍ਧਾਨ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਆਗੂਆਂ ਦੇ ਸਹਿਯੋਗ ਨਾਲ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਪਹੁੰਚੇ ਵਿਦਿਆਰਥੀਆਂ, ਅਧਿਆਪਕ ਇੰਚਾਰਜ਼ਾਂ ਤੇ ਸੰਗਤਾਂ ਲਈ ਸਵਾਗਤੀ ਸ਼ਬਦ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਕਹੇ ਅਤੇ ਸਮਾਗਮ ਦੇ ਮੰਤਵ ਬਾਰੇ ਦੱਸਿਆ।ਇਹਨਾਂ ਮੁਕਾਬਲਿਆਂ ਵਿੱਚ ਅਕਾਲ ਅਕੈਡਮੀਆਂ, ਗੁਰਮਤਿ ਸੰਥਿਆ ਕੇਂਦਰ ਸਮੇਤ ਵੱਖ-ਵੱਖ ਸਕੂਲਾਂ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।ਪਾ੍ਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਦੇ ਗਰੁੱਪਾਂ ਤੋਂ ਇਲਾਵਾ ਚੌਥਾ ਗਰੁੱਪ ਸਰਬਤ ਸੰਗਤ ਲਈ ਬਣਾਇਆ ਗਿਆ।ਜਿਸ ਵਿੱਚ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਲਈ ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਇੰਚਾਰਜ਼ ਮੋਹਨ ਸਿੰਘ ਧੂਰੀ, ਸੁਖਪਾਲ ਸਿੰਘ ਜ਼ੋਨ ਇੰਚਾਰਜ਼ ਦੇ ਨਾਲ ਪਰਮਿੰਦਰ ਸਿੰਘ ਤੇ ਸੁਰਿੰਦਰ ਸਿੰਘ ਨੇ ਜੱਜ ਸਾਹਿਬਾਨ ਵਜੋਂ ਨਿਰਧਾਰਿਤ ਸਿਲੇਬਸ ਅਨੁਸਾਰ ਪ੍ਰਤੀਯੋਗੀਆਂ ਤੋਂ ਬਾਣੀ ਸੁਣੀ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਕਾਰਜ਼ਾਂ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸਤਿਕਾਰ ਕਰਨ ਸਬੰਧੀ ਰੌਸ਼ਨੀ ਪਾਈ।ਮੋਹਨ ਸਿੰਘ ਧੂਰੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਣ ਸਬੰਧੀ ਵਿਦਿਆਰਥੀਆਂ ਨੂੰ ਸੇਧ ਦਿੱਤੀ। ਗੁਰਜੰਟ ਸਿੰਘ ਰਾਹੀ ਨੇ ਸਟੱਡੀ ਸਰਕਲ ਵਲੋਂ 3 ਜੁਲਾਈ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਕਰਵਾਏ ਜਾ ਰਹੇ ਬਾਲ ਕਵੀ ਦਰਬਾਰ ਦੀ ਸੂਚਨਾ ਸਾਂਝੀ ਕੀਤੀ ਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਨੇ ਸਟੱਡੀ ਸਰਕਲ ਦੇ ਕਾਰਜ਼ਾਂ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ।
ਹਰਵਿੰਦਰ ਕੌਰ ਨੇ ਇਸਤਰੀ ਵਿੰਗ ਦੀਆਂ ਗਤੀਵਿਧੀਆਂ ਦੱਸਦੇ ਹੋਏ ਧੰਨਵਾਦੀ ਸ਼ਬਦ ਕਹੇ।ਸਾਰੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਪ੍ਰੀਤਮ ਸਿੰਘ ਤੇ ਹਰਭਜਨ ਸਿੰਘ ਭੱਟੀ ਵਲੋਂ ਸਟੇਸ਼ਨਰੀ ਦਾ ਸਮਾਨ ਦੇ ਕੇ ਉਤਸ਼ਾਹਿਤ ਕੀਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਜਿਥੇ ਸਭ ਤੋਂ ਛੋਟੇ ਗਰੁੱਪ ਵਿੱਚ ਦੂਸਰੀ ਕਲਾਸ ਦੇ ਬੱਚੇ ਅੰਤਰਪ੍ਰੀਤ ਸਿੰਘ ਨੇ ਜ਼ੁਬਾਨੀ ਬਾਣੀ ਸੁਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਉਥੇ ਸਭ ਤੋਂ ਵੱਡੇ ਸਰਬਤ ਸੰਗਤ ਗਰੁੱਪ ਵਿੱਚ 80 ਸਾਲ ਦੀ ਬਜ਼ੁਰਗ ਮਾਤਾ ਗੁਰਬਚਨ ਕੌਰ ਨੇ ਨਿਤਨੇਮ ਦੀਆਂ ਬਾਣੀਆਂ ਜ਼ੁਬਾਨੀ ਸੁਣਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਜੇਤੂਆਂ ਨੂੰ ਸਟੱਡੀ ਸਰਕਲ ਵਲੋਂ ਇਨਾਮ ਦੇਣ, ਅਧਿਆਪਕ ਇੰਚਾਰਜ਼ਾਂ ਤੇ ਸਹਿਯੋਗੀਆਂ ਨੂੰ ਸਨਮਾਨ ਦੇਣ ਦੀ ਰਸਮ ਗੁਰਮੀਤ ਸਿੰਘ, ਜਤਿੰਦਰਪਾਲ ਸਿੰਘ ਹੈਪੀ, ਰਣਜੀਤ ਸਿੰਘ, ਅਰਵਿੰਦਰਪਾਲ ਸਿੰਘ ਪਿੰਕੀ, ਮੋਹਨ ਸਿੰਘ, ਵਰਿੰਦਰ ਜੀਤ ਸਿੰਘ ਬਜਾਜ, ਦਲਵੀਰ ਸਿੰਘ ਬਾਬਾ, ਹਰਵਿੰਦਰ ਸਿੰਘ ਪੱਪੂ, ਹਰਭਜਨ ਸਿੰਘ, ਪ੍ਰੀਤਮ ਸਿੰਘ ਕਾਂਝਲਾ, ਜਸਪ੍ਰੀਤ ਸਿੰਘ ਬੇਨੜਾ, ਰਾਜ ਕੁਮਾਰ, ਰਣਜੀਤ ਕੌਰ ਖੇੜੀ, ਗੁਰਲੀਨ ਕੌਰ, ਅਮਨਦੀਪ ਕੌਰ, ਖੁਸ਼ਵੰਤ ਕੌਰ ਫਤਿਹਗੜ੍ਹ ਗੰਢੂਆ, ਰਾਜਵੀਰ ਸਿੰਘ ਫਤਿਹਗੜ੍ਹ ਛੰਨਾ, ਹਰਪ੍ਰੀਤ ਸਿੰਘ ਨਾਭਾ, ਜੱਜ ਸਾਹਿਬਾਨ ਅਤੇ ਸਟੱਡੀ ਸਰਕਲ ਦੇ ਆਗੂਆਂ ਨੇ ਨਿਭਾਈ।ਇਸ ਮੌਕੇ ਨਾਸਿਕ (ਮਹਾਂਰਾਸ਼ਟਰ) ਤੋਂ ਵਿਸੇਸ਼ ਤੌਰ ‘ਤੇ ਭਾਗ ਲੈਣ ਵਾਲੇ ਛੇਵੀਂ ਕਲਾਸ ਦੇ ਵਿਦਿਆਰਥੀ ਵਿਸ਼ਵਜੋਤ ਸਿੰਘ ਨੂੰ ਵਿਸੇਸ਼ ਉਤਸ਼ਾਹਿਤ ਇਨਾਮ ਦਿੱਤਾ ਗਿਆ।
ਸਮੁੱਚੇ ਤੌਰ ‘ਤੇ ਨਤੀਜਿਆਂ ਅਨੁਸਾਰ ਪ੍ਰਾਇਮਰੀ ਗਰੁੱਪ ਵਿਚੋਂ ਅੰਤਰਪ੍ਰੀਤ ਸਿੰਘ ਬਚਪਨ ਇੰਗਲਿਸ਼ ਸਕੂਲ ਸੰਗਰੂਰ, ਏਕਮਨੂਰ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆ ਅਤੇ ਹਰਕੀਰਤ ਮਹਿਲ ਰੋਬਿਨ ਮਾਡਲ ਸਕੂਲ ਧੂਰੀ ਨੇ ਕ੍ਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।ਜਦੋਂਕਿ ਗੁਰਨੂਰ ਸਿੰਘ ਲਾ ਫਾਊਂਡੇਸ਼ਨ ਸਕੂਲ ਸੰਗਰੂਰ ਤੇ ਜਸਵੀਰ ਸਿੰਘ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।ਮਿਡਲ ਗਰੁੱਪ ਵਿਚੋਂ ਤਰਨਪ੍ਰੀਤ ਸਿੰਘ ਗੁਰੂ ਤੇਗ ਬਹਾਦਰ ਪਬਲ਼ਿਕ ਸਕੂਲ ਛਾਜਲੀ, ਸਿਮਰਨ ਕੌਰ ਫਾਰਚੂਨ ਕਾਨਵੈੰਟ ਸਕੂਲ ਅਕੋਈ ਸਾਹਿਬ ਅਤੇ ਸਿਮਰਤੀ ਕੌਰ ਅਕਾਲ ਅਕੈਡਮੀ ਬੇਨੜਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।ਜਦੋਂ ਕਿ ਮਹਿਕਵੀਰ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆ ਤੇ ਹਰਮਨਜੀਤ ਸਿੰਘ ਨੇ ਹੋੰਸਲਾ ਵਧਾਊ ਇਨਾਮ ਪ੍ਰਾਪਤ ਕੀਤੇ।ਸੀਨੀਅਰ ਸੈਕੰਡਰੀ ਗਰੁੱਪ ਵਿਚੋਂ ਸਿਮਰਨਜੋਤ ਕੌਰ ਤੇ ਰਮਨਪ੍ਰੀਤ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆ ਅਤੇ ਅੰਤਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋਂਕਿ ਪ੍ਰਭਜੋਤ ਸਿੰਘ ਤੇ ਵਿਸ਼ਵਜੋਤ ਕੌਰ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।ਸਰਬਤ ਸੰਗਤ ਗਰੁੱਪ ਵਿਚੋਂ ਗੁਰਬਚਨ ਕੌਰ, ਦਲਵੀਰ ਸਿੰਘ ਬਾਬਾ, ਸੁਰਿੰਦਰ ਪਾਲ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋਂ ਕਿ ਹਰਮਨਪ੍ਰੀਤ ਕੌਰ ਗਗੜਪੁਰ ਅਤੇ ਰਾਜਵੀਰ ਸਿੰਘ ਫਤਿਹਗੜ੍ਹ ਛੰਨਾ ਨੇ ਹੌਸਲਾ ਵਧਾਊ ਇਨਾਮ ਲਏ।
Punjab Post Daily Online Newspaper & Print Media