‘ਆਪ’ ਸਰਕਾਰ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬੂਰ ਪੈਣ ਦੀ ਆਸ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 9 ਜੂਨ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸਰਕਾਰ ਪਾਸੋਂ ਮੰਨਵਾ ਕੇ ਤੁਰੰਤ ਨੋਟੀਫੀਕੇਸ਼ਨ ਕਰਵਾਉਣ ਬਾਰੇ ਸਿਵਲ ਸਕੱਤਰੇਤ
ਚੰਡੀਗੜ੍ਹ ਵਿਖੇ ਮਾਨਯੋਗ ਵਿੱਤ ਮੰਤਰੀ ਪੰਜਾਬ ਨਾਲ ਸੁਖਾਵੇਂ ਮਹੌਲ ਵਿੱਚ ਮੀਟਿੰਗ ਹੋਈ।ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਵਿੱਤ ਮੰਤਰੀ ਨਾਲ 2.59 ਦਾ ਗੁਣਾਂਕ ਜੋ ਕਿ ਪਿਛਲੀ ਸਰਕਾਰ ਨੇ ਆਪਣੀ ਕੈਬਨਿਟ ਮੀਟਿੰਗ ਵਿੱਚ 18 ਜੂਨ 2021 ਨੂੰ ਪ੍ਰਵਾਨਗੀ ਦਿੱਤੀ ਸੀ, ਪਰ ਲਾਗੂ ਨਹੀਂ ਸੀ ਹੋਇਆ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਫਦ ਨੂੰ ਭਰੋਸਾ ਦਿਵਾਇਆ ਅਤੇ ਆਖਿਆ ਕਿ ਖਜ਼ਾਨੇ ਦੀ ਹਾਲਤ ਦਾ ਆਪ ਨੂੰ ਵੀ ਪਤਾ ਹੈ, ਪਰ ਪੂਰੀ ਕੋਸ਼ਿਸ਼ ਕਰਾਂਗੇ ਕਿ ਪੈਨਸ਼ਨਰਾਂ ਨਾਲ ਹੋਈ ਬੇਇਨਸਾਫੀ ਦੂਰ ਕੀਤੀ ਜਾ ਸਕੇ।ਕੇਂਦਰੀ ਸਰਕਾਰ ਵਾਂਗ ਮਹਿੰਗਾਈ ਭੱਤਾ ਵੀ 34 ਪ੍ਰਤੀਸ਼ਤ ਕਰਨ ਲਈ ਵਫਦ ਵਿੱਚ ਸ਼ਾਮਲ ਕਰਮ ਸਿੰਘ ਧਨੋਆ, ਬਖਸ਼ੀਸ਼ ਸਿੰਘ, ਠਾਕੁਰ ਸਿੰਘ, ਐਨ.ਕੇ ਕਲਸੀ, ਧਨਵੰਤ ਸਿੰਘ ਭੱਠਲ ਆਦਿ ਨੇ ਪੂਰਾ ਜ਼ੋਰ ਪਾ ਕੇ ਤੁਰੰਤ ਹੁਕਮ ਲਾਗੂ ਕਰਨ ਦੀ ਬੇਨਤੀ ਕੀਤੀ।ਇਸ ਸਬੰਧੀ ਵੀ ਵਿੱਤ ਮੰਤਰੀ ਨੇ ਪੂਰਨ ਭਰੋਸਾ ਦਿਵਾਇਆ।ਕੈਸ਼ਲੈਸ ਸਿਸਟਮ ਆਫ ਟਰੀਟਮੈਂਟ ਸੋਧ ਕੇ ਸਾਬਕਾ ਫੌਜੀਆਂ ਦੀ ਤਰਜ਼ ‘ਤੇ ਦੇਣ ਬਾਰੇ ਵੀ ਜ਼ੋਰ ਪਾਇਆ ਗਿਆ।ਮੈਡੀਕਲ ਪ੍ਰਤੀਪੂਰਤੀ ਬਿੱਲਾਂ ਦੀ ਜਲਦ ਅਦਾਇਗੀ ਕਰਵਾਉਣ ਲਈ ਵੱਧ ਬਜ਼ਟ ਦੇਣ ਲਈ ਵੀ ਮੰਤਰੀ ਨੇ ਸਹਿਮਤੀ ਪਗਟਾਈ।
ਫਰੰਟ ਦੇ ਕਨਵੀਨਰ ਨੇ ਦੱਸਿਆ ਕਿ ਯਾਤਰੀ ਭੱਤਾ, ਪੈਨਸ਼ਨਰਾਂ ਦੀ ਮੁੱਢਲੀ ਪੈਨਸ਼ਨ ਵਿੱਚ ਓਲਡਏਜ਼ ਕੁਆਂਟਮ ਆਫ ਪੈਨਸ਼ਨ ਜੋੜ ਕੇ ਦੇਣ ਬਾਰੇ ਵੀ ਬੇਨਤੀ ਕੀਤੀ ਗਈ।ਬਾਕੀ ਰਹਿੰਦੀਆਂ ਮੰਗਾਂ ਸਬੰਧੀ ਵੀ ਮੰਗ ਪੱਤਰ ਸੌਂਪਿਆ ਗਿਆ। ਆਸ ਪ੍ਰਗਟ ਕੀਤੀ ਗਈ ਕਿ ਵਿੱਤ ਵਿਭਾਗ ਦੀ ਮੀਟਿੰਗ ਵਿੱਚ ਵਿਚਾਰਨ ਉਪਰੰਤ ਕੈਬਨਿਟ ਮੀਟਿੰਗ ਵਿੱਚ ਪ੍ਰਵਾਨਗੀ ਲਈ ਪੇਸ਼ ਹੋਵੇ।ਆਗੂਆਂ ਨੇ ਉਪਰੋਕਤ ਮੰਗਾਂ ਸਬੰਧੀ ਵਿੱਤ ਮੰਤਰੀ ਨੂੰ ਹਾਂ ਪੱਖੀ ਰਵੱਈਆ ਅਪਣਾਉਣ ਦੀ ਬੇਨਤੀ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ।
ਪੈਨਸ਼ਨਰਾਂ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਮੀਟਿੰਗ ਦੀ ਸ਼ੁਰੂਆਤ ਅਤੇ ਸਮਾਪਤੀ ਉਰਦੂ ਸ਼ਾਇਰਾਂ ਨਾਲ ਕੀਤੀ।ਜਿਸ ਤੋਂ ਵਿੱਤ ਮੰਤਰੀ ਬਹੁਤ ਪ੍ਰਭਾਵਿਤ ਹੋਏ ਅਤੇ ਪੈਨਸ਼ਨਰਾਂ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।ਪੈਨਸ਼ਨਰਾਂ ਵਲੋਂ 17 ਜੂਨ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨਾਲ 11.00 ਵਜੇ ਮੀਟਿੰਗ ਕਰਨ ਉਪਰੰਤ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
Punjab Post Daily Online Newspaper & Print Media