ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਦਿੱਤੀਆਂ ਵਧਾਈਆਂ
ਸਮਰਾਲਾ, 9 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਚੇਅਰਮੈਨ ਅਤੇ ਉਘੇ ਕਹਾਣੀਕਾਰ ਸੁਖਜੀਤ ਦੀਆਂ ਲਾਮਿਸਾਲ ਕਹਾਣੀਆਂ ਸਾਹਿਤ ਜਗਤ ਵਿੱਚ ਮੀਲ ਪੱਥਰ ਸਾਬਤ ਹੋਈਆਂ ਹਨ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਸਿਲੇਬਸਾਂ ਦਾ ਸ਼ਿੰਗਾਰ ਹਨ।ਅਨੇਕਾਂ ਵਿਦਿਆਰਥੀ ਉਨ੍ਹਾਂ ਦੀਆਂ ਕਹਾਣੀਆਂ ਤੇ ਪੀ.ਐਚ.ਡੀ ਕਰ ਰਹੇ ਹਨ।ਕਹਾਣੀਕਾਰ ਸੁਖਜੀਤ ਵਲੋਂ ਉਦੋ ਇੱਕ ਹੋਰ ਮਾਅਰਕਾ ਮਾਰਿਆ ਗਿਆ, ਜਦ ਉਨਾਂ ਦੇ ਚਰਚਿਤ ਕਹਾਣੀ ਸੰਗ੍ਰਹਿ ‘ਮੈਂ ਇੰਜੁਆਏ ਕਰਦੀ ਹਾਂ’ ਦਾ ਅੰਗਰੇਜ਼ੀ ਅਨੁਵਾਦ ਬੀਤੇ ਦਿਨ ਬਰਮਿੰਘਮ ਦੇ ਸ਼ਹਿਰ ਵੁਲਵਰਹੈਂਪਟਨ ਵਿੱਚ ਮੋਤਾ ਸਿੰਘ ਸਰਾਏ (ਸੰਚਾਲਕ ਯੂਰਪੀ ਪੰਜਾਬੀ ਸੱਥ ਯੂ.ਕੇ) ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਨ ਕੀਤਾ ਗਿਆ।
ਇਸ ਗੱਲ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਇਸ ਸਾਹਿਤਕ ਸਮਾਗਮ ਵਿੱਚ ਪ੍ਰਸਿੱਧ ਲੇਖਕ ਤੇ ਅਨੁਵਾਦਕ ਸੁਭਾਸ਼ ਭਾਸਕਰ ਤੇ ਆਸਟ੍ਰੇਲੀਆ ਵੱਸਦੇ ਲੇਖਕ ਤੇ ਟੀ.ਵੀ ਪੇਸ਼ਕਾਰ ਦਲਵੀਰ ਸੁੰਮਨ ਹਲਵਾਰਵੀ ਦਾ ਵੀ ਰੂ ਬ ਰੂ ਕਰਵਾਇਆ ਗਿਆ।ਸਮਾਗਮ ਵਿੱਚ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।ਜਿਹਨਾਂ ਨੇ ਪੰਜਾਬੀ ਸਾਹਿਤ ਸਭਾ ਸਮਰਾਲਾ, ਲੋਕ ਵਿਰਾਸਤ ਅਕਾਦਮੀ ਲੁਧਿਆਣਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵਲੋਂ ਸਾਂਝੇ ਤੌਰ ’ਤੇ ਭੇਜਿਆ ਸੁਨੇਹਾ ਪੜ੍ਹ ਕੇ ਸਭ ਨਾਲ ਸਾਂਝਾ ਕੀਤਾ।
ਉੱਘੇ ਇਤਿਹਾਸਕਾਰ ਬਲਵਿੰਦਰ ਸਿੰਘ ਚਾਹਲ ਨੇ ਸੰਖੇਪ ਵਿੱਚ ਇਸ ਕਹਾਣੀ ਸੰਗ੍ਰਹਿ ’ਤੇ ਚਾਨਣਾ ਪਾਇਆ। ਸਮਾਗਮ ਵਿੱਚ ਉਪਰੋਕਤ ਸਖ਼ਸ਼ੀਅਤਾਂ ਤੋਂ ਇਲਾਵਾ ਜਸਵਿੰਦਰ ਰੱਤੀਆ, ਸ਼ਾਇਰ ਰਜਿੰਦਰਜੀਤ, ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸਗੁਫਤਾ ਗਿੰਮੀ, ਨਿਰਮਲ ਸਿੰਘ ਕੰਧਾਲਵੀ, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ, ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ. ਰਸਮੀ, ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਗੀਤਕਾਰ ਹਰਜਿੰਦਰ ਮੱਲ, ਮਨਮੋਹਨ ਸਿੰਘ ਮਹੇੜੂ, ਗ਼ਜ਼ਲਗੋ ਭੁਪਿੰਦਰ ਸੱਗੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਇਸ ਪੁਸਤਕ ਨੂੰ ਭਾਰਤ ਦੇ ਪ੍ਰਮੁੱਖ ਪ੍ਰਕਾਸ਼ਨ ਘਰ ਹਰ ਆਨੰਦ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।ਕਹਾਣੀਕਾਰ ਸੁਖਜੀਤ ਦੀ ਇਸ ਪ੍ਰਾਪਤੀ ਤੇ ਸਮੁੱਚੀ ਸਭਾ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਕਿਸੇ ਕਹਾਣੀਕਾਰ ਦਾ ਵਿਦੇਸ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਸਭਾ ਦੇ ਨਾਲ ਨਾਲ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ।