ਅੰਮ੍ਰਿਤਸਰ, 10 ਜੂਨ (ਖੁਰਮਣੀਆਂ) – ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵਲੋਂ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਅਗਾਂਹ ਵਧਾਉਣ ਲਈ ਲੋੜੀਂਦੀ ਖੋਜ਼ ਪ੍ਰਣਾਲੀ
ਵਿਸ਼ੇ ’ਤੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਉਕਤ ਸੈਮੀਨਾਰ ਕਾਲਜ ਅਤੇ ਰਿਸਰਚ ਇੰਸਟੀਚਿਊਟ ਆਫ਼ ਆਰਗੈਨਿਕ ਐਗਰੀਕਲਚਰ (ਐਫ਼.ਆਈ.ਬੀ.ਐਲ), ਸਵਿਟਜ਼ਰਲੈਂਡ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ।ਜਿਸ ਦਾ ਮੁੱਖ ਕੇਂਦਰ ਟਿਕਾਊ ਖੇਤੀ ’ਤੇ ਆਧਾਰਿਤ ਸੀ ਅਤੇ ਇਸ ਦਾ ਮੁੱਖ ਉਦੇਸ਼ ਖੋਜਕਰਤਾਵਾਂ ਨੂੰ ਟਿਕਾਊ ਖੇਤੀ ਅਭਿਆਸਾਂ ’ਤੇ ਆਧਾਰਿਤ ਖੋਜ਼ ਲਈ ਪ੍ਰੇਰਿਤ ਕਰਨਾ ਸੀ।
ਡਾ. ਮਹਿਲ ਸਿੰਘ ਅਤੇ ਕਾਲਜ ਐਗਰੀਕਲਚਰ ਵਿਭਾਗ ਮੁੱਖੀ ਡਾ. ਰਣਦੀਪ ਕੌਰ ਬੱਲ ਵਲੋਂ ਡਿਪਾਰਟਮੈਂਟ ਆਫ਼ ਕਰੌਪ ਸਾਇੰਸਜ਼, ਐਫ਼.ਆਈ.ਬੀ.ਐਲ ਸਵਿਟਜ਼ਰਲੈਂਡ ਦੇ ਡਿਪਟੀ ਲੀਡਰ ਡਾ. ਮੋਨਿਕਾ ਮੈਸਮਰ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਕੋਆਪ੍ਰੇਸ਼ਨ, ਡਿਪਟੀ ਲੀਡਰ ਡਾ. ਅੰਮ੍ਰਿਤਬੀਰ ਸਿੰਘ ਰਿਆੜ ਦਾ ਸਵਾਗਤ ਕੀਤਾ ਗਿਆ।ਉਨ੍ਹਾਂ ਨਾਲ ਡਾ. ਗੁਰਬਖ਼ਸ਼ ਸਿੰਘ ਵੀ ਮੌਜ਼ੂਦ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਡਾ. ਗੁਰਬਖਸ਼ ਸਿੰਘ ਨੇ ਜਾਣ-ਪਛਾਣ ਸਾਂਝੀ ਕਰਦਿਆਂ ਪੰਜਾਬ ਦੇ ਨਾਲ-ਨਾਲ ਭਾਰਤ ’ਚ ਵੀ ਸਸਟੇਨੇਬਲ ਐਗਰੀਕਲਚਰ ਦੇ ਸੰਕਲਪ ਨੂੰ ਉਜਾਗਰ ਕਰਨ ਦੀ ਗੱਲ ’ਤੇ ਜ਼ੋਰ ਦਿੱਤਾ।ਪੀ.ਏ.ਯੂ ਲੁਧਿਆਣਾ ਦੇ ਪ੍ਰਿੰਸੀਪਲ ਐਗਰੋਨੋਮਿਸਟ ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਵਰਤਮਾਨ ਅਤੇ ਭਵਿੱਖ ਦੇ ਨਤੀਜ਼ਿਆਂ ਬਾਰੇ ਚਾਨਣਾ ਪਾਇਆ।
ਡਾ. ਮੈਸਮਰ ਨੇ ਆਪਣੇ ਹਾਲ ਹੀ ਦੇ ਖੋਜ਼ ਕਾਰਜ਼ ਪਲਾਂਟ ਬ੍ਰੀਡਿੰਗ, ਮਾਈਕ੍ਰੋਬਾਇਓਮ-ਅਸਿਸਟਡ ਬ੍ਰੀਡਿੰਗ, ਪਾਰਟੀਸੀਪੇਟਰੀ ਬ੍ਰੀਡਿੰਗ ਅਤੇ ਜੈਵਿਕ ਬੀਜਾਂ ਬਾਰੇ ਚਰਚਾ ਕੀਤੀ।ਜਦ ਕਿ ਡਾ. ਰਿਆੜ ਨੇ ਖੋਜ਼ਕਰਤਾਵਾਂ ਨੂੰ ਟਿਕਾਊ ਖੇਤੀ ਵੱਲ ਆਪਣੀ ਖੋਜ਼ ਨੂੰ ਇਕਸਾਰ ਕਰਨ ਅਤੇ ਰਵਾਇਤੀ ਖੇਤੀ ਤੋਂ ਟਿਕਾਊ ਖੇਤੀ ਅਪਨਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਆਪਣੇ ਕੁੱਝ ਸਮਾਂ ਪਹਿਲਾਂ ਦੇ ਖੋਜ਼ ਪ੍ਰੋਜੈਕਟ ਫਾਰਮਿੰਗ ਪ੍ਰਣਾਲੀਆਂ ਦੇ ਵਿਕਾਸ, ਕਪਾਹ, ਮਿੱਟੀ ਦੀ ਉਪਜਾਊ ਸ਼ਕਤੀ, ਫਸਲੀ ਪੋਸ਼ਣ ਅਤੇ ਫਸਲ ਮਾਡਲਿੰਗ ਬਾਰੇ ਵੀ ਚਰਚਾ ਕੀਤੀ।
ਅਖੀਰ ’ਚ ਡਾ. ਬੱਲ ਨੇ ਟਿਕਾਊ ਖੇਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਡਾ. ਮਹਿਲ ਸਿੰਘ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸੇ ਤਰ੍ਹਾਂ ਹੀ ਇਕਨਾਮਿਕਸ ਵਿਭਾਗ ਵਲੋਂ ਬੀ.ਐਸ.ਸੀ (ਈਕੋ) ਅਤੇ ਐਮ.ਏ ਇਕਨਾਮਿਕਸ ਦੇ ਵਿਦਿਆਰਥੀਆਂ ਲਈ ‘ਰੋਜ਼ਗਾਰ ਗੁਣਾਂ ਨੂੰ ਵਧਾਉਣਾ’ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ ਕੀਤੀ।ਆਈ.ਬੀ.ਟੀ (ਅੰਮਿ੍ਰਤਸਰ ’ਚ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਇੱਕ ਪ੍ਰਮੁੱਖ ਸੰਸਥਾ) ਤੋਂ ਜਤਿੰਦਰ ਕੁਮਾਰ, ਰਾਹੁਲ ਅਤੇ ਮਿਸ ਕਾਜ਼ਲ ਨੇ ਵਿਦਿਆਰਥੀਆਂ ਨੂੰ ਰੀਜ਼ਨਿੰਗ ਤਕਨੀਕ ਅਤੇ ਕੁਆਨਟੀਟੇਟਿਵ ਐਪਟੀਟਿਊਡ ਬਾਰੇ ਚਾਨਣਾ ਪਾਇਆ।ਮਹਿਮਾਨਾਂ ਨੇ ਵਿਦਿਆਰਥੀਆਂ ਨਾਲ ਗੁੰਝਲਦਾਰ ਪ੍ਰਸ਼ਨਾਂ ਨੂੰ ਹੱਲ ਕਰਨ ਲਈ ਸਰਲ ਤਕਨੀਕਾਂ ਬਾਰੇ ਵੀ ਚਰਚਾ ਕੀਤੀ।ਵਿਦਿਆਰਥੀਆਂ ਨੂੰ ਪ੍ਰਸ਼ਨ ਹੱਲ ਕਰਨ ਲਈ ਵਰਕਸ਼ੀਟਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਵਿਭਾਗ ਮੁੱਖੀ ਸ੍ਰੀਮਤੀ ਜਗਵਿੰਦਰ ਕੌਰ ਘੁੰਮਣ ਨੇ ਸਰੋਤ ਵਿਅਕਤੀਆਂ ਦਾ ਧੰਨਵਾਦ ਕੀਤਾ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media