ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਮੁਲਾਜ਼ਮਾਂ ਨਾਲ਼ ਅਨੇਕਾਂ ਵਾਅਦੇ ਕਰ ਕੇ ਸੱਤਾ ਵਿੱਚ ਆਈ ਮਾਨ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਹਿਲਾ ਵਿੱਤੀ-ਬਜਟ
ਮੁਲਾਜ਼ਮ ਵਿਰੋਧੀ ਹੈ।ਇਸ ਬਜ਼ਟ ਵਿੱਚ ਪੰਜਾਬ ਦੇ ਅਧਿਆਪਕਾਂ ਦੇ ਹਿੱਤਾਂ ਵਾਸਤੇ ਕੁੱਝ ਵੀ ਨਹੀਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਪ੍ਰਗਟਾਵਾ 3704 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ, ਖਜ਼ਾਨਚੀ ਦਵਿੰਦਰ ਕੁਮਾਰ, ਜਸਵੀਰ ਕੁਮਾਰ ਅਲੀਸ਼ੇਰ, ਮਨਪ੍ਰੀਤ ਰਾਏਧਰਾਣਾ, ਸੁਰਜੀਤ ਦਿੜ੍ਹਬਾ, ਬਿਕਰਮਜੀਤ ਵਾਲੀਆ, ਮੁੱਖ ਸਲਾਹਕਾਰ ਯਾਦਵਿੰਦਰ ਸਿੰਘ ਪ੍ਰੈਸ ਸਕੱਤਰ ਜਸਵਿੰਦਰ ਸ਼ਾਹਪੁਰ ਕਲਾਂ ਨੇ ਕੀਤਾ।ਸਰਕਾਰ ਦੇ ਬਜ਼ਟ ਦੀ ਤਿੱਖੀ ਆਲੋਚਨਾ ਕਰਦਿਆਂ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਆਪਣੇ ਮੈਨੀਫੈਸਟੋ ਵਿੱਚ ਅਧਿਆਪਕ ਵਰਗ ਨਾਲ਼ ਅਨੇਕਾਂ ਵਾਅਦੇ ਕੀਤੇ ਸਨ।ਜਿੰਨਾਂ ਵਿੱਚ ਪ੍ਰੋਬੇਸ਼ਨ ਪੀਰੀਅਡ ਘੱਟ ਕਰਕੇ ਇਸ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਣਾ, ਕੇਂਦਰ ਦੇ ਪੇਅ-ਸਕੇਲਾਂ ਵਾਲਾ ਥੋਪਿਆ ਫ਼ੈਸਲਾ ਵਾਪਸ ਲੈ ਕੇ ਪੰਜਾਬ ਦਾ ਪੇਅ-ਸਕੇਲ ਲਾਗੂ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਆਦਿ ਸ਼ਾਮਲ ਸੀ।ਇਸ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਬਜ਼ਟ ਵਿੱਚ ਅੱਖੋਂ-ਪਰੋਖੇ ਹੀ ਕੀਤਾ ਗਿਆ ਹੈ।ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਬਾਰੇ ਵੀ ਕੋਈ ਫੈਸਲਾ ਨਹੀਂ ਲਿਆ ਅਤੇ ਨਾਂ ਹੀ ਅਜੇ ਤੱਕ ਬੇਰੋਜ਼ਗਾਰ ਬੀ.ਐਡ ਅਧਿਆਪਕਾਂ ਦੀ ਕੋਈ ਮੰਗ ਮੰਨੀਂ ਹੈ।ਪਿੱਛਲੀ ਸਰਕਾਰ ਦੌਰਾਨ ਮਾਸਟਰ ਕੇਡਰ ਦੀਆਂ ਆਈਆਂ 4161 ਅਸਾਮੀਆਂ ਦੀ ਭਰਤੀ ਵੀ ਅੱਧ ਵਿਚਕਾਰ ਲਟਕ ਰਹੀ ਹੈ।ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਮਾਨ ਸਰਕਾਰ ਸੁਹਿਰਦ ਨਾਂ ਹੋਈ ਤਾਂ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media