ਅੰਮ੍ਰਿਤਸਰ, 29 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਡਾ. ਰਣਜੀਤ ਸਿੰਘ ਬਾਜਵਾ ਦੀ ਪੁਸਤਕ ਸਮਿਉਟਿਕਸ
ਆਫ ਫਿਲਮਜ਼ ਐਂਡ ਫੈਂਟੀਸੀਜ਼ ਦਾ ਲੋਕ-ਅਰਪਣ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਵਿਚ ਡੀਨ, ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ਼ੁਰੂਆਤ ਵਿੱਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਚਰਚਾ ਆਰੰਭ ਕਰਦਿਆਂ ਕਿਹਾ ਕਿ ਡਾ. ਰਣਜੀਤ ਸਿੰਘ ਬਾਜਵਾ ਦੀ ਪੁਸਤਕ ਉਨਾਂ ਦੀ ਸਮੁੱਚੀ ਜੀਵਨ-ਸਾਧਨਾ ਦਾ ਨਿਚੋੜ ਹੈ।ਇਸ ਪੁਸਤਕ ਰਾਹੀਂ ਪੰਜਾਬੀ ਫਿਲਮ ਆਲੋਚਨਾ ਦੇ ਖੇਤਰ ਵਿਚ ਨਵੇਂ ਦਿਸਹੱਦਿਆਂ ਦੀ ਸਥਾਪਤੀ ਹੋਈ ਹੈ ਅਤੇ ਭਵਿੱਖ ਵਿੱਚ ਇਹ ਪੁਸਤਕ ਪੰਜਾਬੀ ਫਿਲਮ ਆਲੋਚਨਾ ਲਈ ਇਕ ਆਧਾਰ-ਸਰੋਤ ਵਜੋਂ ਕਾਰਜ਼ ਕਰੇਗੀ।
ਡਾ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਕਲਾਤਮਕ ਫ਼ਿਲਮਾਂ ਵਿੱਚ ਜ਼ਿਆਦਾਤਰ ਸਾਹਿਤ ਦਾ ਫਿਲਮਾਂਕਣ ਹੋਇਆ ਵੇਖਣ ਨੂੰ ਮਿਲਦਾ ਹੈ।ਡਾ. ਰਣਜੀਤ ਸਿੰਘ ਬਾਜਵਾ ਦੀ ਇਸ ਪੁਸਤਕ ਦੇ ਆਗਮਨ ਨਾਲ ਫਿਲਮਾਂ ਦੇ ਸਾਹਿਤਕ ਵਿਸ਼ਲੇਸ਼ਣ ਨੂੰ ਚਿਹਨ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦਾ ਨਵੇਕਲਾ ਕਾਰਜ਼ ਆਰੰਭ ਹੋਇਆ ਹੈ।ਰਣਜੀਤ ਸਿੰਘ ਬਾਜਵਾ ਨੇ ਆਪਣੀ ਪੁਸਤਕ ਬਾਰੇ ਬੋਲਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਤੇ ਕਿਹਾ ਕਿ ਉਹਨਾਂ ਦੀ ਇਹ ਪੁਸਤਕ ਸੱਤ ਸਾਲਾਂ ਦੀ ਮਿਹਨਤ ਤੇ ਸਿਰੜ੍ਹ ਦੀ ਉਪਜ ਹੈ।
ਡਾ. ਧਰਮ ਸਿੰਘ ਸਿਨੇਮੇ ਦੇ ਇਤਿਹਾਸਕ ਪੱਖ ਨੂੰ ਪੇਸ਼ ਕੀਤਾ।ਉਹਨਾਂ ਨੇ ਆਦਿ ਸਿਨੇਮੇ ਨੂੰ ਬੌਧਿਕਤਾ ਭਰਪੂਰ ਮੰਨਿਆ ਅਤੇ ਅਜੋਕੇ ਸਿਨੇਮਾ ਜਗਤ ਨੂੰ ਬੌਧਿਕਤਾ ਤੋਂ ਵਿਹੂਣਾ ਦੱਸਿਆ।ਉਨਾਂ ਕਿਹਾ ਕਿ ਰਣਜੀਤ ਸਿੰਘ ਬਾਜਵਾ ਦੀ ਇਸ ਪੁਸਤਕ ਵਿਚ ਫਿਲਮਾਂ ਦਾ ਚਿਹਨ ਵਿਗਿਆਨਕ ਵਿਸ਼ਲੇਸ਼ਣ ਸ਼ਲਾਘਾਯੋਗ ਯਤਨ ਹੈ।ਉਹਨਾਂ ਨੇ ਰਣਜੀਤ ਸਿੰਘ ਬਾਜਵਾ ਨੂੰ ਪੰਜਾਬੀ ਦੀਆਂ ਕਲਾਤਮਕ ਫਿਲਮਾਂ ਬਾਰੇ ਵੀ ਇਸ ਕਿਸਮ ਦਾ ਗੰਭੀਰ ਅਧਿਐਨ ਕਾਰਜ਼ ਕਰਨ ਦੀ ਗੁਜ਼ਾਰਿਸ਼ ਕੀਤੀ।
ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਲਈ ਇਕ ਨਵੀਨ ਵਿਸ਼ਾ ਹੈ, ਜਿਸ ਤੋਂ ਭਵਿੱਖ ਵਿਚ ਅਜਿਹੀ ਖੋਜ਼ ਦੀਆਂ ਹੋਰ ਸੰਭਾਵਨਾਵਾਂ ਉਜਾਗਰ ਹੋਣਗੀਆਂ।ਡਾ. ਸੁਖਦੇਵ ਸਿੰਘ ਅਤੇ ਡਾ. ਜਗਰੂਪ ਸਿੰਘ ਸੇਖੋਂ ਨੇ ਵੀ ਡਾ. ਰਣਜੀਤ ਸਿੰਘ ਬਾਜਵਾ ਦੀ ਇਸ ਮਹੱਤਵਪੂਰਨ ਪੁਸਤਕ ਬਾਰੇ ਮੁੱਲਵਾਨ ਵਿਚਾਰ ਪੇਸ਼ ਕੀਤੇ।ਸਮਾਗਮ ਦਾ ਸੰਚਾਲਨ ਡਾ. ਹਰਿੰਦਰ ਕੌਰ ਸੋਹਲ ਵਲੋਂ ਕੀਤਾ ਗਿਆ।ਅੰਤ `ਤੇ ਵਿਭਾਗ ਦੇ ਅਧਿਆਪਕ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਡਾ. ਸਤਨਾਮ ਸਿੰਘ ਦਿਉਲ (ਮੁਖੀ ਰਾਜਨੀਤੀ-ਸ਼ਾਸਤਰ ਵਿਭਾਗ), ਡਾ. ਗੁਰਸ਼ਮਿੰਦਰ ਸਿੰਘ ਬਾਜਵਾ, ਡਾ. ਗੁਰਦੀਪ ਸਿੰਘ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਤੇ ਖੋਜ਼-ਵਿਦਿਆਰਥੀ ਹਾਜ਼ਰ ਸਨ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media