ਅੰਮ੍ਰਿਤਸਰ, 8 ਜੁਲਾਈ (ਦੀਪ ਦਵਿੰਦਰ ਸਿੰਘ ) – ਪੰਜਾਬ ਦੀ ਨਾਮਵਰ ਪ੍ਰਸਿੱਧ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਸਥਾਨਕ ਵਿਰਸਾ ਵਿਹਾਰ ਦੇ ਸਹਿਯੋਗ
ਨਾਲ 7 ਦਿਨਾ 19ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਹੈਨਰਿਕ ਇਬਸਨ ਦੇ ਲਿਖੇ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਪੰਜਾਬੀ ਨਾਟਕ ‘ਦੁਸ਼ਮਣ’ ਦਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਵਿਸ਼ਵ ਪ੍ਰਸਿੱਧ ਨਾਟਕਕਾਰ ਹੈਨਰਿਕ ਇਬਸਨ ਦੇ ਨਾਟਕ ‘ਐਨ ਐਨਮੀ ਆਫ਼ ਦਾ ਪੀਪਲਜ਼’ ‘ਤੇ ਅਧਾਰਿਤ ਨਾਟਕ ‘ਦੁਸ਼ਮਣ’ ਦਾ ਪੰਜਾਬੀ ਰੂਪ ਪ੍ਰੋ. ਮੋਹਨ ਸਿੰਘ, ਸ਼ਾਹਿਦ ਨਦੀਮ ਅਤੇ ਦਵਿੰਦਰ ਪਾਲ ਵਲੋਂ ਤਿਆਰ ਕੀਤਾ ਗਿਆ ਹੈ।ਨਾਟਕ ਅੱਜ ਦੇ ਸਮਿਆਂ ਦੀ ਕਹਾਣੀ ਹੈ, ਜਦੋਂ ਧਰਤੀ ਹੇਠਲਾ ਪਾਣੀ ਵੀ ਖ਼ਤਮ ਤੇ ਪ੍ਰਦੂਸ਼ਿਤ ਵੀ ਹੋ ਰਿਹਾ।ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ, ਪਰ ਸਿਆਸਤਦਾਨ ਆਪਣੀ ਸਿਆਸਤ ਨੂੰ ਚਮਕਾਉਣ ਲਈ, ਉਹਨਾਂ ਲੋਕਾਂ ਨੂੰ ‘ਦੁਸ਼ਮਣ’ ਬਣਾ ਕੇ ਪੇਸ਼ ਕਰ ਦਿੰਦੇ ਨੇ, ਜੋ ਇਹਨਾਂ ਪ੍ਰਦੂਸ਼ਣਾਂ ਦੀ ਜੜ ਵੱਲ ਇਸ਼ਾਰਾ ਕਰਦੇ ਨੇ।ਨਾਟਕ ਵਿੱਚ ਇਕ ਸਾਇੰਸਦਾਨ ਡਾਕਟਰ ਅਤੇ ਉਸ ਦੇ ਸਿਆਸਤਦਾਨ ਭਰਾ ਵਿਚਾਲੇ ਟਕਰਾਅ ਦੀ ਕਹਾਣੀ ਹੈ, ਇਹਨਾਂ ਕਿਰਦਾਰਾਂ ਨੂੰ ਰੰਗਮੰਚ ਅਦਾਕਾਰ ਗੁਰਤੇਜ ਮਾਨ ਅਤੇ ਅਮਨਸ਼ੇਰ ਸਿੰਘ ਨੇ ਬਾਖੂਬੀ ਨਿਭਾਇਆ।ਬਾਕੀ ਕਲਾਕਾਰਾਂ ਵਿੱਚ ਰਾਜਬੀਰ ਕੌਰ, ਮਨਦੀਪ ਘਈ, ਸਾਜਨ ਕੋਹਿਨੂਰ, ਵਿਕਾਸ ਜੋਸ਼ੀ, ਹਰਪ੍ਰੀਤ ਸਿੰਘ, ਗੁਰਦਿੱਤਪਾਲ ਸਿੰਘ, ਰਾਜਿੰਦਰ ਬੁਲਟ ਅਤੇ ਜਸ਼ਨ ਸਿੰਘ ਸ਼ਾਮਲ ਸਨ।ਸੰਗੀਤ ਅਤੇ ਲਾਈਟ ਉਪਰ ਸਾਥ ਨੀਰਜ਼ ਕੁਮਾਰ, ਹੇਮੰਤ ਕੁਮਾਰ ਅਤੇ ਕੋਸ਼ਲ ਜੈਸਵਾਨੀ ਨੇ ਦਿੱਤਾ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਕੁਲਬੀਰ ਸਿੰਘ ਸੂਰੀ, ਵਿਸ਼ਾਲ ਬਿਆਸ, ਹਰਕੰਵਲਜੀਤ ਸਿੰਘ ਸਾਹਿਲ ਕੈਨੇਡਾ, ਧਰਵਿੰਦਰ ਔਲਖ, ਪਵਨਦੀਪ, ਅਦਾਕਾਰ ਹਰਦੀਪ ਗਿੱਲ, ਅਨੀਤਾ ਦੇਵਗਨ, ਅਰਵਿੰਦਰ ਕੌਰ ਧਾਲੀਵਾਲ, ਬਿਕਰਮ ਅਮੇਰਿਕਾ, ਸੁਮਿਤ ਸਿੰਘ, ਪ੍ਰੀਤਪਾਲ ਰੁਪਾਨਾ, ਡਾ. ਦਰਸ਼ਨਦੀਪ ਆਦਿ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media