
ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਜਿਲਾ ਪ੍ਰਸ਼ਾਸ਼ਨ ਤੇ ਸਿੱਖ ਸੰਗਤ ਵਿੱਚ ਚਲ ਰਿਹਾ ਰੇੜਕਾ ਉਸ ਸਮੇ ਖਤਮ ਹੋ ਗਿਆ ਜਦੋ ਬਾਬਾ ਬਲਜੀਤ ਸਿੰਘ ਦਾਦੂਵਾਲ ਦੁਆਰਾ ਅੱਜ ਸਵੇਰੇ ਧਾਰਮਿਕ ਸਮਾਗਮ ਲਈ ਨਿਸ਼ਚਿਤ ਕੀਤੇ ਸਥਾਨ ਨਾ ਜਾ ਕੇ ਪਿੰਡ ਕੋਟਸ਼ਮੀਰ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਸਵੇਰੇ ਪਹੁੰਚ ਕੇ ਨਿਤਨੇਮ ਕਰਨ ਉਪੰਰਤ ਕਥਾ ਆਰੰਭ ਕਰ ਦਿੱਤੀ ਜਿਉ ਹੀ ਪਿੰਡ ਵਾਸੀਆ ਨੂੰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਗੁਰਦੁਆਰਾ ਸਾਹਿਬ ਪਹੁੰਚਣ ਦਾ ਪਤਾ ਚੱਲਿਆ ਤਾਂ ਉਹ ਵੱਡੀ ਗਿਣਤੀ ਵਿੱਚ ਗੁਰਦੁਆਰਾ ਪਹੁੰਚਣੇ ਸ਼ੁਰੂ ਹੋ ਗਏ ਅਤੇ ਸਮਾਗਮ ਵਾਲੀ ਥਾਂ ਤੋ ਸਮਾਨ ਇੱਕਤਰ ਕਰ ਗੁਰਦੁਆਰਾ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਨ ਲੱਗੇ ਜਦੋ ਪ੍ਰਸ਼ਾਸ਼ਨ ਨੂੰ ਬਾਬਾ ਦਾਦੂਵਾਲ ਦਾ ਗੁਰਦੁਆਰਾ ਸਾਹਿਬ ਪਹੁੰਚਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਵੱਲੋ ਤੁਰੰਤ ਗੁਰਦੁਆਰਾ ਸਾਹਿਬ ਵਾਲੀ ਮੇਨ ਸੜਕ ‘ਤੇ ਬੈਰੀਗੇਟ ਲਗਾ ਘੇਰਾ ਬੰਦੀ ਕਰ ਦਿੱਤੀ ਅਤੇ ਹਰ ਆਉਣ ਜਾਣ ਵਾਲੇ ਵਾਹਨ ਚਾਲਕਾਂ ਤੋ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਬੈਰੀਗੇਟਾ ਦੇ ਦੋਨੋ ਪਾਸੇ ਵੱਡੀ ਗਿਣਤੀ ਵਿੱਚ ਵਾਹਨ ਇੱਕਤਰ ਹੋਣ ਕਾਰਨ ਜਾਮ ਲੱਗ ਗਿਆ ।

ਇਸ ਸਮੇ ਪੁਲਿਸ ਪ੍ਰਸ਼ਾਸ਼ਨ ਨੇ ਕਿਸੇ ਵੀ ਅਣਸਖਾਵੀ ਘਟਨਾ ਨੂੰ ਰੋਕਣ ਲਈ ਆਲੇ ਦੁਆਲੇ ਥਾਣਿਆਂ ਤੋ ਵੱਡੀ ਗਿਣਤੀ ਪੁਲਿਸ ਫੋਰਸ ਮੰਗਵਾਈ ਗਈ ਸੀ। ਇਥੇ ਦੱਸਣਾ ਬਣਦਾ ਹੈ ਕਿ ਪਿੰਡ ਕੋਟਸ਼ਮੀਰ ਨਿਵਾਸੀਆਂ ਵੱਲੋ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ 5 ਤੋ 7 ਦਸੰਬਰ ਤੱਕ ਧਾਰਮਿਕ ਸਮਾਗਮ ਰੱਖਵਾਏ ਗਏ ਸਨ ਅਤੇ ਇਹ ਸਮਾਗਮ ਪਿੰਡ ਦੇ ਪਰਮਜੀਤ ਸਿੰਘ ਦੀ ਜਮੀਨ ਵਿਚ ਕਰਵਾਏ ਜਾਣੇ ਸਨ ਪ੍ਰੰਤੂ ਬੀਤੀ ਦਿਨੀ, ਜਦੋ ਪਿੰਡ ਵਾਸੀਆਂ ਵੱਲੋ ਧਾਰਮਿਕ ਸਮਾਗਮ ਦੀ ਤਿਆਰੀ ਕਰਵਾਈ ਜਾ ਰਹੀ ਸੀ ਤਾਂ ਡੀ ਐਸ ਪੀ ਦਿਹਾਤੀ ਜਸਪਾਲ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਗਿਆ ਤੇ ਕਿਹਾ ਕਿ ਪਹਿਲਾਂ ਧਾਰਮਿਕ ਸਮਾਗਮ ਨੂੰ ਕਰਵਾਉਣ ਲਈ ਪ੍ਰਸ਼ਾਸ਼ਨ ਤੋਂ ਲਿਖਤੀ ਤੌਰ ਤੇ ਇਜਾਜਤ ਲਈ ਜਾਵੇ। ਜਿਸ ਚਲਦਿਆਂ ਪ੍ਰਸ਼ਾਸ਼ਨ ਅਤੇ ਸਿੱਖ ਸੰਗਤ ਵਿਚਕਾਰ ਪਿਛਲੇ ਦੋ ਦਿਨਾਂ ਤੋਂ ਪੂਰੀ ਖਿਚੋਤਾਣ ਚੱਲ ਰਹੀ ਸੀ ।ਧਾਰਮਿਕ ਸਮਾਗਮ ਦੇ ਅੱਜ ਪਹਿਲੇ ਦਿਨ ਪੁਲਿਸ ਪ੍ਰਸ਼ਾਸ਼ਨ ਵੱਡੀ ਗਿਣਤੀ ਪੁਲਿਸ ਫੋਰਸ ਧਾਰਮਿਕ ਸਥਾਨ ਵਾਲੀ ਜਗਾ ਤੇ ਲਗਾਈ ਗਈ।ਪ੍ਰੰਤੂ ਬਾਬਾ ਬਲਜੀਤ ਸਿੰਘ ਦਾਦੂਵਾਲ ਦੁਆਰਾ ਪਿੰਡ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਪਹੁੰਚ ਕੇ ਧਾਰਮਿਕ ਸਮਾਗਮ ਆਰੰਭ ਕਰ ਦਿੱਤੇ ।ਇਸ ਸਮੇ ਉਹਨਾਂ ਦੇ ਧਾਰਮਿਕ ਸਮਾਗਮ ਵਿੱਚ ਯੁਨਾਇਟਡ ਅਕਾਲੀ ਦਲ ਦੇ ਸੱਕਤਰ ਜਨਰਲ ਗੁਰਦੀਪ ਸਿੰਘ ਬਰਾੜ,ਪਰਮਜੀਤ ਸਿੰਘ , ਨਰੈਣ ਸਿੰਘ, ਬਲਜੀਤ ਸਿੰਘ, ਜਗਬੀਰ ਸਿੰਘ, ਪ੍ਰਧਾਨ ਸੁਖਮੰਦਰ ਸਿੰਘ, ਜੁਗਰਾਜ ਸਿੰਘ, ਗੁਰਮੁੱਖ ਸਿੰਘ ਖਾਲਸਾ, ਗੁਰਪਾਲ ਸਿੰਘ ਆਦਿ ਮੌਜੂਦ ਸਨ
Punjab Post Daily Online Newspaper & Print Media