ਅੰਮ੍ਰਿਤਸਰ, 14 ਅਕਤੂਬਰ (ਖੁਰਨਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਦੇ ਹੋਟਲ ਮੈਨੇਜਮੈਂਟ ਅਤੇ ਕੇਟਰਿੰਗ
ਟੈਕਨਾਲੋਜੀ ਵਿਭਾਗ ਨੇ ‘ਹੋਸਪਿਟੈਲਿਟੀ ਮੈਨੇਜਮੈਂਟ ਸਕਿੱਲਜ਼’ ਵਿਸ਼ੇ ’ਤੇ 12 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਲਗਾਉਣ ਦਾ ਉਦੇਸ਼ ਵਿਦਿਆਰਥੀਆਂ, ਸਹਾਇਕ ਸਟਾਫ਼, ਸਹਾਇਕਾਂ ਨੂੰ ਰੋਜ਼ਾਨਾ ਜੀਵਨ ਦੇ ਆਧਾਰ ’ਤੇ ਜ਼ਰੂਰੀ ਹੁਨਰਾਂ ਨੂੰ ਵਿਕਸਿਤ ਕਰਨ ਲਈ ਸਿਖਲਾਈ ਦੇਣਾ ਸੀ।ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਇਸ ਦਾ ਉਦਘਾਟਨ ਕੀਤਾ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਅਜੋਕੇ ਸਮੇਂ ’ਚ ਅਜਿਹੀਆਂ ਵਰਕਸ਼ਾਪਾਂ ਦੀ ਲੋੜ ਹੈ ਕਿਉਂਕਿ ਸੈਰ-ਸਪਾਟਾ ਅਤੇ ਪ੍ਰਾਹੁਣਾਚਾਰੀ ਉਦਯੋਗਾਂ ’ਚ ਵਾਧਾ ਹੋ ਰਿਹਾ ਹੈ ਅਤੇ ਉਦਯੋਗ ’ਚ ਨਵੇਂ ਉਭਰ ਰਹੇ ਰੁਝਾਨਾਂ ਨਾਲ ਖ਼ੁਦ ਨੂੰ ਤਿਆਰ-ਬਰ-ਤਿਆਰ ਰੱਖਣਾ ਜ਼ਰੂਰੀ ਹੈ।ਉਨ੍ਹਾਂ ਕਿਹਾ ਸਾਨੂੰ ਸਾਰਿਆਂ ਲਈ ਬੇਹਤਰ ਮਹਿਮਾਨ ਨਿਵਾਜ਼ੀ ਉਦਯੋਗ ਬਣਾਉਣ ਲਈ ਨਵੇਂ ਨਵੀਨਤਾਕਾਰੀ ਵਿਚਾਰਾਂ ਦੀ ਜ਼ਰੂਰਤ ਹੈ।
ਵਿਭਾਗ ਨੇ ਗਰੂਮਿੰਗ, ਵੀ.ਆਈ.ਪੀ ਮਹਿਮਾਨਾਂ ਨੀੰ ਸੰਭਾਲਣਾ, ਮਹਿਮਾਨਾਂ ਨੂੰ ਐਸਕਾਰਟਿੰਗ, ਪਾਣੀ ਦੀ ਸੇਵਾ, ਭੋਜਨ ਪੇਸ਼ਕਾਰੀ, ਤੌਲੀਏ ਓਰੀਗਾਮੀ, ਵੱਖ-ਵੱਖ ਕਿਸਮਾਂ ਦੇ ਨੈਪਕਿਨ ਫੋਲਡ, ਕਟਲਰੀ ਦੀਆਂ ਕਿਸਮਾਂ ਅਤੇ ਕਰਾਕਰੀ ਆਦਿ ਸਬੰਧੀ ਸਿਖਲਾਈ ਪ੍ਰੋਗਰਾਮ ਸਮੂਹ ਸਹਿਯੋਗੀ ਸਟਾਫ਼ ਅਤੇ ਸੇਵਾਦਾਰਾਂ ਲਈ ਆਯੋਜਨ ਕੀਤਾ ਤਾਂ ਜੋ ਉਹ ਮਹਿਮਾਨ ਨਿਵਾਜ਼ੀ ਸਬੰਧੀ ਹਰੇਕ ਪਹਿਲੂ ਨੂੰ ਜਾਣ ਸਕਣ, ਜਿਸ ਉਨ੍ਹਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।
ਰੌਇਲ ਆਰਚਿਡ ਹੋਟਲ ਦੇ ਉਘੇ ਸਪੀਕਰ ਸ਼ੈਫ ਦੇਸ ਰਾਜ ਨੇ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਨੂੰ ਹਾਸਪਿਟੈਲਿਟੀ ਇੰਡਸਟਰੀ ਦੇ ਮਹੱਤਵ ਬਾਰੇ ਦੱਸਦਿਆਂ ਆਪਣੇ ਅਨੁਭਵ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਸੁਨਿਹਰੇ ਭਵਿੱਖ ਦੇ ਬਹੁਤ ਵਧੀਆ ਮੌਕੇ ਹਨ।ਉਨ੍ਹਾਂ ਨੇ ਹਰੇਕ ਨੂੰ ਆਪਣਾ ‘ਕਲਾਊਡ ਕਿਚਨ’ ਸ਼ੁਰੂ ਕਰ ਕੇ ਰੋਟੀ ਕਮਾਉਣ ਦੇ ਸਾਧਨ ਸਬੰਧੀ ਪ੍ਰੇਰਿਤ ਕੀਤਾ।ਸਿਖਲਾਈ ਵਰਕਸ਼ਾਪ ਦੀ ਕੋਆਰਡੀਨੇਟਰ ਅਤੇ ਸਹਾਇਕ ਪ੍ਰੋਫੈਸਰ ਸ੍ਰੀਮਤੀ ਕਨਿਕਾ ਠਾਕੁਰ ਨੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਮੌਕੇ ਵਰਤੇ ਜਾਣ ਵਾਲੇ ਉਪਕਰਨਾਂ ਦੀ ਸੰਖੇਪ ਜਾਣ-ਪਛਾਣ ਬਾਰੇ ਭਾਸ਼ਣ ਦਿੰਦਿਆਂ ਵਾਟਰ ਸਰਵਿੰਗ, ਕਵਰ ਲੇਆਉਟ, ਨੈਪਕਿਨ ਫੋਲਡ ਅਤੇ ਹੋਰ ਹੁਨਰ ਨੂੰ ਉਜਾਗਰ ਕੀਤਾ।
ਸਹਾਇਕ ਪ੍ਰੋਫੈਸਰ ਸਾਹਿਲ ਨੇ ਨੈਪਕਿਨ ਫੋਲਡ ਅਤੇ ਤੌਲੀਏ ਓਰੀਗਾਮੀ ’ਤੇ ਪ੍ਰੈਕਟੀਕਲ ਕਰਕੇ ਦਿਖਾਇਆ। ਸਹਾਇਕ ਪ੍ਰੋਫੈਸਰ ਤੇ ਸ਼ੈਫ ਅਨੁਪ੍ਰੀਤ ਕੌਰ ਨੇ ਹੱਥਾਂ ਨਾਲ ਤਿਆਰ ਚਾਕਲੇਟਾਂ ਅਤੇ ਕੇਕ ਉਪਰ ਆਈਸਿੰਗ ਬਾਰੇ ਪ੍ਰੈਕਟੀਕਲ ਕਰਵਾਏ।ਸਹਾਇਕ ਪ੍ਰੋਫੈਸਰ ਸ਼੍ਰੀਮਤੀ ਪਾਰੁਲ ਸ਼ਰਮਾ ਨੇ ਡਾ. ਮੰਜੂ ਬਾਲਾ ਦੀ ਅਗਵਾਈ ਹੇਠ ‘ਟੈਲੀਫੋਨ ਨਿਮਰਤਾ’ ’ਤੇ ਵਰਕਸ਼ਾਪ ਦਿੱਤੀ।ਹੋਟਲ ਪ੍ਰਬੰਧਨ ਅਤੇ ਕੇਟਰਿੰਗ ਟੈਕਨਾਲੋਜੀ ਦੇ ਐਚ.ਓ.ਡੀ ਤੇ ਸ਼ੈਫ ਬਿੰਨੀ ਅਬਰੋਲ ਨੇ ਡਾ. ਮੰਜ਼ੂ ਬਾਲਾ ਸਮੇਤ ਸ੍ਰੀਮਤੀ ਕਨਿਕਾ ਠਾਕੁਰ, ਸ੍ਰੀਮਤੀ ਪਾਰੁਲ ਸ਼ਰਮਾ, ਸ੍ਰੀਮਤੀ ਸਾਹਿਲ, ਸ੍ਰੀਮਤੀ ਅਨੁਪ੍ਰੀਤ ਕੌਰ ਆਦਿ ਦੇ ਯਤਨਾਂ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media