Sunday, July 19, 2026

ਸ਼ਤਾਬਦੀ ਸਮਾਗਮ ਦੌਰਾਨ ਪਾਸ ਕੀਤੇ ਗਏ ਚਾਰ ਅਹਿਮ ਮਤੇ

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ) – ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਚਾਰ ਅਹਿਮ ਮਤੇ ਪਾਸ ਕੀਤੇ ਗਏ।ਇਹ ਮਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਅਜਮੇਰ ਸਿੰਘ ਖੇੜਾ, ਗੁਰਮੀਤ ਸਿੰਘ ਬੂਹ ਤੇ ਬੀਬੀ ਗੁਰਪ੍ਰੀਤ ਕੌਰ ਨੇ ਪੇਸ਼ ਕੀਤੇ ਜਿਨ੍ਹਾਂ ਨੂੰ ਹਾਜ਼ਰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ।ਪਹਿਲੇ ਮਤੇ ਵਿਚ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਤਿਹਾਸ ਤੇ ਪ੍ਰੰਪਰਾਵਾਂ ਦੀ ਸੇਧ ਵਿਚ ਕਾਰਜਸ਼ੀਲ ਰਹਿਣ ਦੀ ਵਚਨਬੱਧਤਾ ਪ੍ਰਗਟਾਈ ਗਈ। ਦੂਸਰੇ ਮਤੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਸਰਕਾਰਾਂ ਦੇ ਪੱਖਪਾਤੀ ਰਵੱਈਏ ਵਾਲੀ ਨੀਤੀ ਦੀ ਕਰੜੀ ਅਲੋਚਨਾ ਕਰਦਿਆਂ ਇਸ ਸਬੰਧੀ ਪਿੰਡ ਪੱਧਰ ਤੱਕ ਲਹਿਰ ਸਿਰਜਣ ਦਾ ਐਲਾਨ ਕੀਤਾ ਗਿਆ। ਮਤੇ ਰਾਹੀਂ ਕਿਹਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਗਰਮ ਗਤੀਵਿਧੀਆਂ ਜਾਰੀ ਰੱਖਦਿਆਂ ਵੱਡੀ ਗਿਣਤੀ ਵਿਚ ਲੋਕਾਂ ਪਾਸੋਂ ਫਾਰਮ ਭਰਵਾ ਕੇ ਸੰਘਰਸ਼ ਨੂੰ ਸੰਗਠਿਤ ਕੀਤਾ ਜਾਵੇਗਾ ਅਤੇ ਇਹ ਪ੍ਰੋਫਾਰਮੇ ਗਵਰਨਰ ਪੰਜਾਬ ਨੂੰ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਪੰਥਕ ਲੋਕਾਂ ਦਾ ਇਕ ਵੱਡਾ ਇਕੱਠ ਸੱਦਿਆ ਜਾਵੇਗਾ।
ਤੀਸਰੇ ਮਤੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਤੋੜਣ ਵਾਲੀਆਂ ਚਾਲਾਂ ਦਾ ਵਿਰੋਧ ਕਰਦਿਆਂ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਖਿਲਾਫ ਭਾਰਤ ਸਰਕਾਰ ਪਾਸੋਂ ਸੰਸਦ ਵਿਚ ਬਿੱਲ ਪਾਸ ਕਰਨ ਦੀ ਮੰਗ ਕੀਤੀ ਗਈ। ਆਖਿਆ ਗਿਆ ਕਿ ਸਿੱਖ ਗੁਰਦੁਆਰਾ ਐਕਟ 1925 ਕਾਇਮ ਹੈ, ਇਸ ਲਈ ਸਰਕਾਰ ਹਰਿਆਣਾ ਕਮੇਟੀ ਐਕਟ ਨੂੰ ਰੱਦ ਕਰੇ ਅਤੇ ਐਕਟ 1925 ਤਹਿਤ ਚੱਲ ਰਿਹਾ ਪ੍ਰਬੰਧ ਬਰਕਰਾਰ ਰੱਖਿਆ ਜਾਵੇ। ਇਕ ਹੋਰ ਮਤੇ ਰਾਹੀਂ ਹਰਿਆਣਾ ਕਮੇਟੀ ਨੂੰ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਆਖਦਿਆਂ ਇਸ ਵਿਰੁੱਧ ਰੋਸ ਲਹਿਰ ਪ੍ਰਚੰਡ ਕਰਨ ਦੇ ਨਾਲ-ਨਾਲ ਕੌਮੀ ਏਕਤਾ ਤੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਜਿਲ੍ਹਾ ਪੱਧਰ ’ਤੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਅਤੇ ਵੱਡੇ ਇਕੱਠ ਸੱਦਣ ਦਾ ਐਲਾਨ ਕੀਤਾ ਗਿਆ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …