Friday, February 27, 2026

ਇਨਸਾਫ ਮੋਰਚੇ ਤਹਿਤ ਗ੍ਰਿਫਤਾਰੀ ਦੇਣ ਲਈ ਬੀਬੀਆਂ ਦਾ ਜਥਾ ਬਰਗਾੜੀ ਲਈ ਰਵਾਨਾ

ਇਨਸਾਫ ਮਿਲਣ ਤੱਕ ਜਾਰੀ ਰਹੇਗਾ ਮੋਰਚਾ- ਬੀਬੀ ਹਰਪਾਲ ਕੌਰ/ਬੀਬੀ ਬਲਜੀਤ ਕੌਰ

ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਇਨਸਾਫ ਦੀ ਮੰਗ ਨੂੰ ਲੈ ਕੇ 2 ਜੁਲਾਈ 2021 ਤੋਂ ਚੱਲ ਰਹੇ ਇਨਸਾਫ ਮੋਰਚੇ ਤਹਿਤ ਅੱਜ ਇਸਤਰੀ ਵਿੰਗ ਪ੍ਰਧਾਨ ਬੀਬੀ ਹਰਪਾਲ ਕੌਰ ਅਤੇ ਬੀਬੀ ਬਲਜੀਤ ਕੌਰ ਦੀ ਅਗਵਾਈ ਹੇਠ ਬੀਬੀਆਂ ਦਾ ਜੱਥਾ ਆਪਣੀ ਗਿ੍ਫਤਾਰੀ ਦੇਣ ਲਈ ਬਰਗਾੜੀ ਰਵਾਨਾ ਹੋਇਆ।
ਰਵਾਨਾ ਹੋਣ ਤੋਂ ਪਹਿਲਾਂ ਗੱਲਬਾਤ ਦੌਰਾਨ ਬੀਬੀ ਹਰਪਾਲ ਕੌਰ ਤੇ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਸਾਲ 2015 ਦੌਰਾਨ ਫਰੀਦਕੋਟ ਜਿਲ੍ਹੇ ਦੇ ਪਿੰਡ ਬਰਗਾੜੀ ਅਤੇ ਬੁਰਜ਼ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਇਲਾਵਾ ਇਨਸਾਫ ਮੰਗਦੀਆਂ ਸਿੱਖ ਸੰਗਤਾਂ ਉਪਰ ਕੋਟਕਪੁਰਾ ਅਤੇ ਬਹਿਬਲ ਕਲਾਂ ਵਿੱਚ ਮੌਕੇ ਦੀ ਸਰਕਾਰ ਦੇ ਇਸ਼ਾਰੇ `ਤੇ ਪੁਲਿਸ ਵਲੋਂ ਸਖਤ ਲਾਠੀਚਾਰਜ਼, ਗੰਦੇ ਪਾਣੀਆਂ ਦੀਆਂ ਬੁਛਾੜਾ ਅਤੇ ਅੰਨੇ੍ਹਵਾਹ ਫਾਇਰਿੰਗ ਕੀਤੀ ਗਈ ਸੀ।ਇਸ ਦੌਰਾਨ ਦੋ ਨਿਹੱਥੇ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ ਸੀ। ਜਿਸ ਦੇ ਰੋਸ ਵਜੋਂ ਇਨਸਾਫ ਮੋਰਚਾ ਚਲਾਇਆ ਜਾ ਰਿਹਾ ਹੈ ਅਤੇ ਰੋਜ਼ਾਨਾ ਦਰਜਨਾਂ ਸਿੰਘ, ਸਿੰਘਣੀਆਂ ਦਾ ਜੱਥਾ ਆਪਣੀ ਗਿ੍ਫਤਾਰੀ ਦਿੰਦਾ ਹੈ।ਉਨ੍ਹਾਂ ਕਿਹਾ ਕਿ ਬੇਅਦਬੀਆਂ ਅਤੇ ਗੋਲੀ ਕਾਂਡ ਦਾ ਇਨਸਾਫ ਮਿਲਣ ਤੱਕ ਮੋਰਚਾ ਜਾਰੀ ਰਹੇਗਾ।ਇਸੇ ਤਹਿਤ ਅੱਜ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਬੀਬੀਆਂ ਦਾ ਜੱਥਾ ਬਰਗਾੜੀ ਲਈ ਰਵਾਨਾ ਹੋ ਰਿਹਾ ਹੈ।
ਜਥੇ ਵਿੱਚ ਬੀਬੀ ਹਰਪਾਲ ਕੌਰ ਅਤੇ ਬੀਬੀ ਬਲਜੀਤ ਕੌਰ ਪਾਤੜਾਂ ਤੋਂ ਇਲਾਵਾ ਬੀਬੀ ਰੁਪਿੰਦਰ ਕੌਰ, ਜਸਵੰਤ ਕੌਰ, ਦਰਸ਼ਨਜੀਤ ਕੌਰ, ਬੀਬੀ ਰਣਦੀਪ ਕੌਰ ਮਲੇਰਕੋਟਲਾ, ਬੀਬੀ ਦਵਿੰਦਰ ਕੌਰ ਆਦਿ ਮੌਜ਼ੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …