ਆਦਾਨ ਪ੍ਰਦਾਨ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੱਭਿਆਚਾਰਕ ਤੌਰ ’ਤੇ ਨਿਖਾਰਦੇ ਹਨ- ਡਾ. ਮਹਿਲ ਸਿੰਘ
ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਅੰਤਰਰਾਜੀ ਲੋਕ ਨਾਚ ਮੁਕਾਬਲਾ ਕਰਵਾਇਆ
ਗਿਆ।ਜੋ ਭਾਰਤ ਸਰਕਾਰ ਦੇ ਅੰਤਰਰਾਜੀ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਆਯੋਜਿਤ ਕੀਤਾ ਗਿਆ ਸੀ। ਜਿਸ ਸਬੰਧੀ ਗੁਜਰਾਤ ਰਾਜ ਦੇ ਖੇਡ, ਯੁਵਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਭਾਗ ਗਾਂਧੀ ਨਗਰ ਵਲੋਂ ਪੰਜਾਬ ’ਚ ਗੁਜਰਾਤੀ ਲੋਕ ਨਾਚਾਂ ਦਾ ਸੰਮੇਲਨ ਕਰਵਾਇਆ ਗਿਆ ਅਤੇ ਇਸ ਦਾ ਤਾਲਮੇਲ ਪੰਜਾਬ ਲੋਕ ਕਲਾ ਕੇਂਦਰ ਗੁਰਦਾਸਪੁਰ ਵਲੋਂ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਗੁਜਰਾਤ ਤੋਂ ਆਏ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਅਦਾਨ ਪ੍ਰਦਾਨ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੱਭਿਆਚਾਰਕ ਤੌਰ ’ਤੇ ਨਿਖਾਰਦੇ ਹਨ।ਉਨ੍ਹਾਂ ਕਿਹਾ ਕਿ ਕਾਲਜ ਵਿਖੇ ਪੰਜਾਬ ਅਤੇ ਗੁਜਰਾਤ ਦੇ 7 ਨਾਚਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਾਜ਼ਰ ਸਰੋਤਿਆਂ ਨੂੰ ਕੀਲਿਆ।ਡਾ. ਮਹਿਲ ਸਿੰਘ ਨੇ ਭਾਗ ਲੈਣ ਵਾਲੀਆਂ ਅਤੇ ਜੇਤੂ ਟੀਮਾਂ ਨੂੰ ਵਧਾਈ ਵੀ ਦਿੱਤੀ।
ਡਾਇਰੈਕਟਰ ਯੁਵਕ ਭਲਾਈ, ਜੀ.ਐਨ.ਡੀ.ਯੂ ਡਾ: ਅਮਨਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਨੌਜਵਾਨ ਡਾਂਸਰਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਅਜਿਹੇ ਅੰਤਰਰਾਜੀ ਸੱਭਿਆਚਾਰਕ ਆਦਾਨ-ਪ੍ਰਦਾਨ ’ਤੇ ਜ਼ੋਰ ਦਿੱਤਾ ਜੋ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਦੇ ਹਨ।ਗੁਜਰਾਤੀ ਦਲ ਦੇ ਆਗੂ ਹਿਤੇਸ਼ ਦਿਹੋਰਾ ਨੇ ਗੁਜਰਾਤ ਦੇ ਵੱਖ-ਵੱਖ ਨਾਚਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਮੌਕੇ ਮਨਿਆਰੋ ਰਾਸ, ਗਰਬਾ, ਰੱਸੀ ਰਾਸ ਅਤੇ ਉਤਸਵ ਰਾਸ ਪੇਸ਼ ਕੀਤੇ ਗਏ ਸਨ।
ਕਾਲਜ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਪੰਜਾਬੀ ਝੂੰਮਰ ਨੂੰ ਮੁਕਾਬਲੇ ਦੇ ਜੱਜਾਂ ਨੇ ਸਰਵੋਤਮ ਡਾਂਸ ਦਾ ਖਿਤਾਬ ਦਿੱਤਾ।ਇਸ ਦੌਰਾਨ ਪੰਜਾਬ ਲੋਕ ਕਲਾ ਕੇਂਦਰ ਦੇ ਨਿਰਦੇਸ਼ਕ ਹਰਮਨਪ੍ਰੀਤ ਸਿੰਘ ਨੇ ਸੰਬੋਧਨ ’ਚ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਜਦਕਿ ਹਿੰਦੀ ਵਿਭਾਗ ਦੇ ਮੁਖੀ ਡਾ: ਸੁਰਜੀਤ ਕੌਰ ਨੇ ਸਟੇਜ਼ ਦਾ ਸੰਚਾਲਨ ਕੀਤਾ ਅਤੇ ਕਾਲਜ ਰਜਿਸਟਰਾਰ ਦਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਡਾ. ਦੀਪਕ ਦੇਵਗਨ, ਡਿਪਟੀ ਰਜਿਸਟਰਾਰ, ਗਿੱਧਾ ਟੀਮ ਦੀ ਇੰਚਾਰਜ ਡਾ: ਹਰਜੀਤ ਕੌਰ ਅਤੇ ਭੰਗੜਾ ਟੀਮ ਦੇ ਇੰਚਾਰਜ ਡਾ: ਰਣਦੀਪ ਸਿੰਘ ਤੋਂ ਇਲਾਵਾ ਸਮਾਗਮ ਦੀ ਪ੍ਰਬੰਧਕੀ ਟੀਮ ਵੀ ਹਾਜ਼ਰ ਸੀ।
Punjab Post Daily Online Newspaper & Print Media