ਸੰਗਤਾਂ ਸ਼ਹੀਦੀ ਪੰਦਰਵਾੜਾ ਸਾਦਗੀ ਨਾਲ ਮਨਾਉਣ

ਸ੍ਰੀ ਫ਼ਤਹਿਗੜ੍ਹ ਸਾਹਿਬ, 17 ਦਸੰਬਰ (ਪੱਤਰ ਪ੍ਰੇਰਕ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹੋਏ।
ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਗਏ ਫੈਸਲਿਆਂ ਸਬੰਧੀ ਦੱਸਿਆ ਕਿ ਅੱਜ ਦੀ ਇਕੱਤਰਤਾ ਵਿੱਚ ਪਿੰਡ ਜੋਧਪੁਰ ਤਰਨਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਸਬੰਧੀ ਵਾਪਰੀ ਦੁੱਖਦਾਈ ਘਟਨਾ ਤੇ ਡੂੰਘੇ ਅਫਸੋਸ ਦਾ ਇਜ਼ਹਾਰ ਕੀਤਾ ਗਿਆ ਤੇ ਇਥੇ ਪਛਤਾਵੇ ਵਜੋਂ ਪੰਜ ਸ੍ਰੀ ਅਖੰਡਪਾਠ ਸਾਹਿਬ ਕਰਵਾਏ ਗਏ ਹਨ ਜਿਨ੍ਹਾਂ ਦਾ ਸਾਰਾ ਖਰਚਾ ਸ਼ੋ੍ਰਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਘਟਨਾ ਪ੍ਰਤੀ ਮਜੀਦ ਪੜਤਾਲ ਕਰਵਾਈ ਜਾਵੇ।
ਅੰਤ੍ਰਿੰਗ ਕਮੇਟੀ ਨੇ ਪਾਕਿਸਤਾਨ ਦੇ ਪਿਸ਼ਾਵਰ ਵਿਖੇ ਬੇਕਸੂਰ ਮਾਰੇ ਗਏ ਬੱਚਿਆਂ ਪ੍ਰਤੀ ਅਫ਼ਸੋਸ ਜਤਾਇਆ
ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਪਿਸ਼ਾਵਰ ਵਿਖੇ ਸੈਨਿਕ ਸਕੂਲ ਤੇ ਵਿਦਰੋਹੀਆਂ ਵੱਲੋਂ ਹਮਲਾ ਕਰਕੇ ਵੱਡੀ ਗਿਣਤੀ ਵਿੱਚ ਮਾਸੂਮ ਅਤੇ ਨਿਰਦੋਸ਼ ਬੱਚਿਆਂ ਨੂੰ ਮਾਰੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ਤੇ ਮਾਰੇ ਗਏ ਬੱਚਿਆਂ ਅਤੇ ਸਕੂਲ ਸਟਾਫ ਦੀ ਆਤਮਿਕ ਸ਼ਾਂਤੀ ਪ੍ਰਤੀ ਮੂਲ ਮੰਤਰ ਦੇ ਪਾਠ ਕੀਤੇ ਗਏ।ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਖੁਸ਼ੀ ਦੇ ਸਮਾਗਮਾਂ ਤੋਂ ਸੰਕੋਚ ਕੀਤਾ ਜਾਵੇ ਤੇ ਸਮਾਗਮ ਸਾਦਗੀ ਨਾਲ ਮਨਾਏ ਜਾਣ।
ਉਨ੍ਹਾਂ ਅੱਗੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਂਦੇ ਕਾਰਜਾਂ ਨੂੰ ਲੋਕ ਕਚਿਹਰੀ ਵਿੱਚ ਪੁੱਜਦਾ ਕਰਨ ਲਈ ਤੈ-ਮਾਸਿਕ ਪੱਤਰ ਸ਼ੁਰੂ ਕੀਤਾ ਜਾਵੇਗਾ ਜੋ 60 ਫੀਸਦੀ ਪੰਜਾਬੀ, 30 ਫੀਸਦੀ ਅੰਗਰੇਜ਼ੀ ਅਤੇ 10 ਫੀਸਦੀ ਹਿੰਦੀ ਭਾਸ਼ਾ ਵਿੱਚ ਹੋਵੇਗਾ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਗੁਰਦੁਆਰਾ ਪ੍ਰਬੰਧਾਂ ਦੇ ਨਾਲ-ਨਾਲ ਬੱਚਿਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੀ ਹੈ ਤੇ ਉਸ ਨੂੰ ਹੋਰ ਅੱਗੇ ਵਧਾਉਂਦਿਆਂ ਆਉਣ ਵਾਲੇ ਨਵੇਂ ਸੈਸ਼ਨ ਦੌਰਾਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ, ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਲਾਲਾਬਾਦ, ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਅਤੇ ਭਾਈ ਸੰਗਤ ਸਿੰਘ ਖਾਲਸਾ ਪਬਲਿਕ ਸਕੂਲ ਬੰਗਾ ਵਿੱਚ ਕਲਾਸਾਂ ਸ਼ੁਰੂ ਕਰੇਗੀ।ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਬੀੜ ਪਿਪਲੀ ਅਤੇ ਕਿਸ਼ਨਪੁਰਾ ਦੇ 27 ਸਿੱਖ ਸਿਕਲੀਗਰ ਪਰਿਵਾਰਾਂ ਵੱਲੋਂ ਸਹਾਇਤਾ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪ੍ਰਤੀ ਪਰਵਾਰ ਨੂੰ 10-10 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਿੱਖ ਰਾਜ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ ਸ਼ੋ੍ਰਮਣੀ ਕਮੇਟੀ ਵੱਲੋਂ ਐਨੀਮੇਸ਼ਨ ਫ਼ਿਲਮ ਤਿਆਰ ਕਰਵਾਈ ਜਾ ਰਹੀ ਹੈ ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਰਜ ਜਿੱਤਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਵਜੀਦ ਖਾਂ ਤੋਂ ਲਏ ਬਦਲੇ ਦਾ ਜ਼ਿਕਰ ਹੋਵੇਗਾ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਇਤਿਹਾਸਕ ਕਿਲ੍ਹਿਆ ਦੀ ਸੇਵਾ ਸ਼ੁਰੂ ਕਰਵਾਈ ਗਈ ਹੈ ਜੋ ਜਲਦੀ ਹੀ ਨੇਪਰੇ ਚੜੇਗੀ।ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਠੰਢੇ ਬੁਰਜ ਨੂੰ ਪੁਰਾਤਨ ਦਿੱਖ ਦੇਣ ਲਈ ਕੰਮ ਚੱਲ ਰਿਹਾ ਹੈ ਜੋ ਜਲਦ ਮੁਕੰਮਲ ਹੋ ਜਾਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਥੇ ਗੁਰੂ ਸਾਹਿਬ ਦਾ ਪਰਿਵਾਰ ਰਹਿੰਦਾ ਸੀ ਉਹ ਜਗ੍ਹਾ ਵੀ ਖਰੀਦ ਲਈ ਗਈ ਹੈ।ਉਨ੍ਹਾਂ ਦੱਸਿਆ ਕਿ ਕਪਾਲ ਮੋਚਨ ਵਿਖੇ ਜ਼ਮੀਨ ਖਰੀਦੀ ਹੈ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਕਿਲ੍ਹਾ ਮੁਖਲਿਸਗੜ੍ਹ ਉਸਾਰਿਆ ਜਾਵੇਗਾ।ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਦੇ ਕਸਬਾ ਹੋਂਦ ਚਿੱਲੜ ਵਿਖੇ 1984 ਵਿੱਚ ਮਾਰੇ ਗਏ ਪਰਿਵਾਰ ਨਾਲ ਸਬੰਧਤ ਬੀਬੀ ਸੁਰਜੀਤ ਕੌਰ ਨੂੰ ਦੋ ਲੱਖ ਰੁਪਏ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮੰਡੀ ਡੱਬਵਾਲੀ ਹਲਕੇ ਵਿੱਚ ਡੇਰਾ ਪੇ੍ਰੇਮੀਆਂ ਨਾਲ ਹੋਏ ਝਗੜੇ ਦੌਰਾਨ ਜਿਨ੍ਹਾਂ 8 ਸਿੰਘਾਂ ਨੂੰ ਸਜ਼ਾ ਹੋਈ ਦੇ ਵਾਰਸਾਂ ਨੂੰ 1 ਲੱਖ ਪ੍ਰਤੀ ਪਰਿਵਾਰ ਸਹਾਇਤਾ ਦੇਣੀ ਮੰਜੂਰ ਕੀਤੀ ਗਈ। ਭਾਈ ਗੁਰਬਖਸ਼ ਸਿੰਘ ਹਾਈਜੈਕਰ ਪਿੰਡ ਪੱਕਾ ਕਲਾ ਜ਼ਿਲ੍ਹਾ ਬਠਿੰਡਾ ਦੀ ਯਾਦ ਵਿੱਚ ਲਾਇਬੇ੍ਰਰੀ ਬਣਾਈ ਜਾਵੇਗੀ।ਸਤਿਨਾਮ ਐਜੂਕੇਸ਼ਨ ਸੁਸਾਇਟੀ ਆਫ ਬੀ ਸੀ ਸਰੀ (ਕੈਨੇਡਾ) ਦੇ ਪ੍ਰਧਾਨ ਸ.ਰਿਪੂਦਮਨ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 325 ਪਦ-ਛੇਦ ਅਤੇ 125 ਵੱਡੇ (ਲੜੀਵਾਰ) ਪਾਵਨ ਸਰੂਪ ਦੀ ਮੰਗ ਨੂੰ ਪ੍ਰਵਾਨ ਕੀਤਾ ਗਿਆ।ਸ.ਤਰਵਿੰਦਰ ਸਿੰਘ ਪਿੰਡ ਖੰਦਵਾਲ, ਮੀਰਾ ਸਾਹਿਬ, ਜੰਮੂ ਨੂੰ ਆਪਣੇ 9 ਸਾਲਾ ਲੜਕੇ ਜਸਕੀਰਤ ਸਿੰਘ ਦੇ ਇਲਾਜ ਅਤੇ ਸ. ਜੋਗਿੰਦਰ ਸਿੰਘ ਸਪੁੱਤਰ ਸ. ਜਗੀਰ ਸਿੰਘ ਪਿੰਡ ਬਸਤੋਲੀ ਜ਼ਿਲ੍ਹਾ ਲਖੀਮਪੁਰ ਖੀਰੀ (ਯੂ. ਪੀ) ਦੇ ਪਰਿਵਾਰ ਲਈ 50-50 ਹਜ਼ਾਰ ਰੁਪਏ ਪ੍ਰਵਾਨ ਕੀਤੇ ਗਏ।ਇਕੱਤਰਤਾ ਤੋਂ ਪਹਿਲਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਨਵੇਂ ਇਕੱਤਰਤਾ ਹਾਲ ਦਾ ਰਸਮੀ ਉਦਘਾਟਨ ਕੀਤਾ ਤੇ ਕਾਰ ਸੇਵਾ ਵਾਲੇ ਬਾਬਾ ਗੁਲਜ਼ਾਰ ਸਿੰਘ ਤੇ ਬਾਬਾ ਪਾਲੀ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ, ਸ. ਰੂਪ ਸਿੰਘ ਸ. ਮਨਜੀਤ ਸਿੰਘ, ਸ. ਸਤਬੀਰ ਸਿੰਘ ਤੇ ਸ. ਅਵਤਾਰ ਸਿੰਘ, ਐਡੀਸ਼ਨ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ,ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਕੇਵਲ ਸਿੰਘ ਤੇ ਸ. ਪਰਮਜੀਤ ਸਿੰਘ ਸਰੋਆ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ. ਮਨਪ੍ਰੀਤ ਸਿੰਘ ਤੇ ਸ. ਸੁਖਮਿੰਦਰ ਸਿੰਘ ਐਕਸੀਅਨ, ਸ. ਪਰਮਦੀਪ ਸਿੰਘ, ਸ. ਗੁਰਦਿਆਲ ਸਿੰਘ, ਸ.ਸੁਖਬੀਰ ਸਿੰਘ ਇੰਚਾਰਜ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ੳ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਅਮਰਜੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਗਰੇਵਾਲ ਆਦਿ ਮੌਜੂਦ ਸਨ।
Punjab Post Daily Online Newspaper & Print Media