ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ) – ਬੀਤੇ ਮਹੀਨੇ ਜੀ-20 ਸੰਮੇਲਨ ਦੀ ਮੇਜ਼ਬਾਨੀ ਮੌਕੇ ਜਿਲ੍ਹੇ ਦੇ ਜਿੰਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬੜੀ ਸ਼ਿੱਦਤ
ਤੇ ਤਨਦੇਹੀ ਨਾਲ ਇਹ ਜਿੰਮੇਵਾਰੀ ਨਿਭਾਈ ਗਈ ਸੀ, ਉਨਾਂ ਨੂੰ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿੱਚ ਹੋਏ ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸੂਦਨ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਤੇ ਤੁਹਾਡੇ ਵੱਲੋਂ ਕੀਤੀ ਗਈ ਮਿਹਨਤ ਦਾ ਨਤੀਜਾ ਸੀ ਕਿ ਅੰਮ੍ਰਿਤਸਰ ਵਿਚ ਇਸ ਸੰਮੇਲਨ ਦੇ ਹੋਏ ਸਮਾਗਮ ਹੁਣ ਤੱਕ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਏ ਜੀ-20 ਸੰਮੇਲਨਾਂ ਨਾਲੋਂ ਸਭ ਤੋਂ ਵਧੀਆ ਰਿਹਾ।ਭਾਰਤ ਸਰਕਾਰ ਦੇ ਸਿੱਖਿਆ ਤੇ ਕਿਰਤ ਵਿਭਾਗ ਨੇ ਇਸ ਮਹਿਮਾਨ ਨਿਵਾਜ਼ੀ ਲਈ ਅੰਮ੍ਰਿਤਸਰ ਨੂੰ ਅਤੀ ਉਤਮ ਸ਼੍ਰੇਣੀ ਵਿੱਚ ਰੱਖਿਆ ਹੈ।ਦੱਸਣਯੋਗ ਹੈ ਕਿ ਮਾਰਚ ਮਹੀਨੇ ਉਕਤ ਦੋਵਾਂ ਮੰਤਰਾਲਿਆਂ ਦੀ ਅਗਵਾਈ ਹੇਠ ਹੀ ਜੀ-20 ਦੇਸ਼ਾਂ ਦੇ ਦੋ ਸੰਮੇਲਨ ਅੰਮ੍ਰਿਤਸਰ ਦੀ ਧਰਤੀ ਉਤੇ ਹੋਏ ਸਨ, ਜਿਸ ਵਿੱਚ ਇੰਨਾਂ ਦੇਸ਼ਾਂ ਦੇ ਪ੍ਰਤੀਨਿਧੀਆ ਤੇ ਅਧਿਕਾਰੀਆਂ ਨੇ ਹਿੱਸਾ ਲਿਆ ਸੀ।
ਸੂਦਨ ਨੇ ਅੰਮ੍ਰਿਤਸਰ ਸ਼ਹਿਰ ਦੀ ਸਾਫ-ਸਫਾਈ, ਰੌਸ਼ਨੀਆਂ ਦੇ ਨਜ਼ਾਰੇ, ਸੁਰੱਖਿਆ ਪ੍ਰਬੰਧ, ਮੀਡੀਆ ਵੱਲੋਂ ਕੀਤੀ ਕਵਰੇਜ਼, ਸੜਕਾਂ ਦੇ ਨਿਰਮਾਣ, ਖਾਣ-ਪੀਣ ਤੇ ਮਨੋਰੰਜਨ ਦੇ ਕੀਤੇ ਗਏ ਪ੍ਰਬੰਧਾਂ, ਸਵਾਗਤੀ ਟੀਮਾਂ ਵੱਲੋਂ ਗਰਮਜੋਸ਼ੀ ਨਾਲ ਕੀਤੇ ਗਏ ਸਵਾਗਤ, ਸਿਹਤ ਵਿਭਾਗ ਵੱਲੋਂ ਨਿਭਾਈ ਗਈ ਡਿਊਟੀ, ਹਵਾਈ ਅੱਡੇ ਦੇ ਪੂਬੰਧਕਾਂ ਵੱਲੋਂ ਦਿੱਤੇ ਸਾਥ ਆਦਿ ਦਾ ਵਿਸੇਸ਼ ਜ਼ਿਕਰ ਕੀਤਾ।ਉਨਾਂ ਕਿਹਾ ਕਿ ਉਕਤ ਵਿਕਾਰੀ ਸੰਮੇਲਨ ਜਿਸ ਦੇ ਵੇਰਵੇ ਕੇਵਲ ਕੁੱਝ ਦਿਨ ਪਹਿਲਾਂ ਹੀ ਸਾਨੂੰ ਮਿਲੇ ਲਈ ਇੰਨੇ ਵਧੀਆ ਪ੍ਰਬੰਧ ਕਰ ਸਕਣੇ, ਸੱਚਮੁੱਚ ਇਕ ਅਨੁੂਠਾ ਕਾਰਜ਼ ਹੈ।ਵਫਦ ਦੇ ਮੈਂਬਰਾਂ ਨੇ ਪੰਜਾਬੀ ਸਭਿਆਚਾਰ ਦੀ ਜਿੱਥੇ ਡੂੰਘਾਈ ਨਾਲ ਜਾਣਕਾਰੀ ਲਈ ਉਥੇ ਸਾਡੇ ਲੋਕ ਨਾਚਾਂ ਦਾ ਭਰਪੂਰ ਅਨੰਦ ਵੀ ਮਾਣਿਆ।ਸੂਦਨ ਨੇ ਇਸ ਅਹਿਮ ਕਾਰਜ਼ ਵਿਚ ਸਾਥ ਦੇਣ ਲਈ ਫਿਕੀ ਫਲੋਅ, ਖਾਲਸਾ ਕਾਲਜ ਅੰਮ੍ਰਿਤਸਰ, ਕਿਲਾ ਗੋਬਿੰਦਗੜ੍ਹ ਤੇ ਸਾਡਾ ਪਿੰਡ ਦੇ ਪ੍ਰਬੰਧਕਾਂ ਦਾ ਵਿਸੇਸ਼ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਸਨਮਾਨ ਇਸ ਸਮਾਗਮ ਦੀ ਕਾਮਯਾਬੀ ਵਿੱਚ ਸੜਕਾਂ ਤੋਂ ਕੂੜਾ ਹਟਾਉਣ ਤੋਂ ਲੈ ਕੇ ਮਹਿਮਾਨਾਂ ਨੂੰ ਖਾਣਾ ਪਰੋਸਣ ਤੱਕ ਵਾਲੇ ਹਰੇਕ ਕਰਮਚਾਰੀ ਦਾ ਸਨਮਾਨ ਹੈ ਅਤੇ ਇਨਾ ਸਾਰਿਆਂ ਦੀ ਬਦੌਲਤ ਹੀ ਸਮਾਗਮ ਨੂੰ ਇੰਨੀ ਵੱਡੀ ਕਾਮਯਾਬੀ ਮਿਲੀ।
ਸਮਾਗਮ ਦੇ ਪ੍ਰਬੰਧਾਂ ਦੀ ਵਾਗਡੋਰ ਮਹਿਲਾ ਅਧਿਕਾਰੀ ਜਿੰਨਾਂ ਵਿੱਚ ਸ੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ, ਸ੍ਰੀਮਤੀ ਅਲਕਾ ਕਾਲੀਆ ਐਸ.ਡੀ.ਐਮ, ਸ੍ਰੀਮਤੀ ਹਰਨੂਰ ਕੌਰ ਐਸ.ਡੀ.ਐਮ, ਸੀ੍ਰਮਤੀ ਨਵਦੀਪ ਕੌਰ ਡੀ.ਡੀ.ਪੀ.ਓ ਦੇ ਹੱਥਾਂ ਵਿਚ ਰਹੀ, ਜੋ ਕਿ ਸਫਲਤਾ ਲਈ ਮੀਲ ਪੱਥਰ ਸਾਬਤ ਹੋਈ।ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐਸ.ਡੀ.ਐਮ ਹਰਪ੍ਰੀਤ ਸਿੰਘ, ਰਾਜੇਸ਼ ਸ਼ਰਮਾ ਐਸ.ਡੀ.ਐਮ, ਹਰਦੀਪ ਸਿੰਘ ਜੁਆਇੰਟ ਕਮਿਸ਼ਨਰ, ਸਿਮਰਨਦੀਪ ਸਿੰਘ ਆਈ.ਏ.ਐਸ, ਵਰੁਣ ਕੁਮਾਰ ਪੀ.ਸੀ.ਐਸ, ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਮੁਖੀ ਤੇ ਉਨਾਂ ਦੀਆਂ ਟੀਮਾਂ ਹਾਜ਼ਰ ਸਨ।ਡਿਪਟੀ ਕਮਿਸ਼ਨਰ ਸਦਨ ਵੱਲੋਂ ਸਰਟੀਫਿਕੇਟ ਤੇ ਯਾਦਗਾਰੀ ਚਿੰਨਾਂ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media