Wednesday, March 11, 2026

ਨਹਿਰਾਂ ਤੇ ਸੂੂਇਆਂ ‘ਚ ਨਹੀਂ ਪੈਣ ਦਿੱਤਾ ਜਾਵੇਗਾ ਘਰਾਂ ਤੇ ਦੁਕਾਨਾਂ ਦਾ ਗੰਦਾ ਪਾਣੀ- ਡਿਪਟੀ ਕਮਿਸ਼ਨਰ

ਵਾਤਾਵਰਣ ਦੀ ਜਾਗਰੂਕਤਾ ਵਿੱਚ ਹਿੱਸਾ ਪਾਉਣ ਲਈ ਸਹੁੰ ਚੁਕਾਈ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦਰਿਆਈ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਵਾਲੀਆਂ ਨਹਿਰਾਂ ਤੇ ਸੂਇਆਂ ਵਿੱਚ ਘਰਾਂ ਤੇ ਦੁਕਾਨਾਂ ਦੇ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਦੀ ਹਦਾਇਤ ਕਰਦੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਕੁਦਰਤ ਦੇ ਇਸ ਅਣਮੁੱਲੇ ਸੋਮੇ ਨੂੰ ਗੰਦੇ ਪਾਣੀ ਨਾਲ ਪਲੀਤ ਨਾ ਹੋਣ ਦਿੱਤਾ ਜਾਵੇ।
ਅੱਜ ਵਾਤਾਵਰਣ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਪਾਣੀ ਸਾਡੇ ਜੀਵਨ ਲਈ ਸਭ ਤੋਂ ਜ਼ਰੂਰੀ ਤੱਤ ਹੈ ਅਤੇ ਇਸ ਵਿਚ ਗੰਦੇ ਪਾਣੀ ਪਾਉਣਾ ਆਪਣੇ ਆਪ ਵਿੱਚ ਬਹੁਤ ਵੱਡਾ ਗੁਨਾਹ ਹੈ।ਉਨਾਂ ਨੇ ਇਸ ਕੰਮ ਨੂੰ ਰੋਕਣ ਲਈ ਪੰਚਾਇਤ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਹਰੇਕ ਨਹਿਰ ਅਤੇ ਸੂਏ ਨੂੰ ਇਸ ਗੰਦੇ ਪਾਣੀ ਤੋਂ ਮੁੱਕਤ ਕਰਵਾਉਣ ਦੀ ਹਦਾਇਤ ਕੀਤੀ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਾਡੀ ਯੋਜਨਾ ਨਹਿਰਾਂ ਦੇ ਪਾਣੀ ਨੂੰ ਸਾਫ ਕਰਕੇ ਲੋਕਾਂ ਨੂੰ ਪੀਣ ਲਈ ਦੇਣ ਦੀ ਹੈ ਅਤੇ ਇਸ ਪ੍ਰੋਜੈਕਟ ਲਈ ਕਈ ਸਥਾਨਾਂ ‘ਤੇ ਕੰਮ ਚੱਲ ਰਿਹਾ ਹੈ, ਜਿਸ ‘ਤੇ ਕਰੋੜਾਂ ਰੁਪਏ ਦੀ ਲਾਗਤ ਆਉਣੀ ਹੈ।
ਡਿਪਟੀ ਕਮਿਸ਼ਨਰ ਨੇ ਵਾਤਾਵਰਣ ਨੂੰ ਬਚਾਉਣ ਲਈ ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।ਉਨਾਂ ਕਿਹਾ ਕਿ ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸਾਫ ਕਰਕੇ ਖੇਤਾਂ ਵਿੱਚ ਵਰਤਣ ਲਈ ਥਾਪਰ ਮਾਡਲ ਛੱਪੜ ਵਿਕਸਤ ਕੀਤੇ ਜਾਣ।ਖੜੇ ਪਾਣੀ ਨੂੰ ਸਾਫ ਕਰਨ ਲਈ ਬਾਇਓ ਟਰੀਟਮੈਂਟ ਦਾ ਤਜ਼ਰਬਾ ਵੀ ਕਰਨ ਦੀ ਹਦਾਇਤ ਵਧੀਕ ਡਿਪਟੀ ਕਮਿਸ਼ਨਰ ਨੂੰ ਕੀਤੀ।ਡੀ.ਸੀ ਸੁਦਨ ਨੇ ਵਾਤਾਵਰਣ ਦੀ ਸਾਂਭ-ਸੰਭਾਲ ਕਰਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਮੀਟਿੰਗ ਵਿਚ ਨਿਰੰਤਰ ਕੰਮ ਕਰਦੇ ਰਹਿਣ ਦੀ ਸਹੁੰ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੁੱਕਾਈ।
ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ, ਐਸ.ਡੀ.ਓ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਪਾਲ ਸਿੰਘ, ਐਸ.ਡੀ.ਓ ਪੰਚਾਇਤ ਵਿਭਾਗ ਬਿਕਰਮਜੀਤ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …