Wednesday, April 22, 2026

ਚੀਫ਼ ਖ਼ਾਲਸਾ ਦੀਵਾਨ ਜਨਰਲ ਹਾਊਸ ਦੀ ਇਕੱਤਰਤਾ ‘ਚ ਮਤੇ ਪਾਸ

ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਦੀ ਪ੍ਰਧਾਨਗੀ ਹੇਠ ਪਹਿਲਾਂ ਕਾਰਜ਼-ਸਾਧਕ ਕਮੇਟੀ ਉਪਰੰਤ ਜਨਰਲ ਹਾਊਸ ਦੀ ਇਕੱਤਰਤਾ ਹੋਈ।ਮੀਟਿੰਗ ਦਾ ਆਗਾਜ਼ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਵੱਲੋਂ ਸੰਗਤੀ ਰੂਪ ਵਿਚ ਮੂਲ ਮੰਤਰ ਦੇ ਪਾਠ ਨਾਲ ਕੀਤਾ ਗਿਆ।ਇਕੱਤਰਤਾ ਵਿੱਚ ਅਕਾਲ ਚਲਾਣਾ ਕਰ ਚੁੱਕੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਮਨਜੀਤ ਸਿੰਘ ਤਰਨਤਾਰਨੀ ਅਤੇ ਇੰਦਰ ਸਿੰਘ ਚਾਵਲਾ (ਲੁਧਿਆਣਾ) ਦੀਆਂ ਨਿਸ਼ਕਾਮ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪੰਜ ਵਾਰ ਮੂਲ ਮੰਤਰ ਦੇ ਪਾਠ ਕੀਤੇ ਗਏ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵੱਲੋਂ ਪੜ੍ਹੇ ਗਏ ਮੀਟਿੰਗ ਏਜੰਡਿਆਂ ਤਹਿਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਬਟਾਲਾ ਅਰਬਨ ਅਸਟੇਟ ਵਿਖੇ ਦੀਵਾਨ ਦੇ ਨਵੇਂ ਸਕੂਲ ਦਾ ਰੱਖੇ ਗਏ ਨੀਂਹ ਪੱਥਰ ਅਤੇ ਉਸਾਰੀ ਸ਼ੁਰੂ ਕਰਨ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮੇਂ ਦੀ ਮੰਗ ਅਨੁਸਾਰ ਇਸ ਖੇਤਰ ਵਿਚ ਬਣਾਏ ਜਾ ਰਹੇ ਨਵੇਂ ਸਕੂਲ ਨੂੰ ਅਤਿ ਆਧੁਨਿਕ ਤਕਨੀਕੀ ਸੁਵਿਧਾਵਾਂ ਨਾਲ ਸੁਸੱਜਿਤ ਕਰਦਿਆਂ ਨਵੰਬਰ ਤੱਕ ਇਸ ਦੀ ਉਸਾਰੀ ਸੰਪੂਰਨਤਾ ਦਾ ਟੀਚਾ ਮਿੱਥਿਆ ਗਿਆ ਹੈ।ਅਗਲੇ ਏਜੰਡੇ ਤਹਿਤ ਬਾਰਡਰ ਖੇਤਰ ਅਟਾਰੀ ਵਿੱਚ ਪਹਿਲਾਂ ਤੋਂ ਸਥਾਪਿਤ ਦੀਵਾਨ ਦੇ ਸਕੂਲ ਨੂੰ ਉੱਚਾ ਚੁੱਕਣ ਲਈ 6 ਏਕੜ ਜ਼ਮੀਨ ਦੀ ਖਰੀਦ ਬਾਰੇ ਦੱਸਿਆ ਗਿਆ।ਜਿਥੇ ਖੇਡਾਂ ਨੂੰ ਪ੍ਰਫੂਲਿਤ ਕਰਨ ਹਿੱਤ ਸਪੋਰਟਸ ਅਕੈਡਮੀ ਖੋਲਣ ਦੀ ਵੀ ਤਜਵੀਜ਼ ਰੱਖੀ ਗਈ।ਮੈਂਬਰਾਂ ਵੱਲੋਂ ਅਟਾਰੀ ਦੀ ਪੁਰਾਣੀ ਸਕੂਲ ਬਿਲਡਿੰਗ ਵਿਚ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਲਈ ਲੰਗਰ, ਚਾਹ-ਪਾਣੀ, ਛਬੀਲ ਆਦਿ ਦੇ ਸੇਵਾ ਪ੍ਰਬੰਧ ਕਰਨ ਦੀ ਤਜ਼ਵੀਜ ਵੀ ਦਿੱਤੀ ਗਈ।ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਦੀਵਾਨ ਦੀ ਗਲੋਬਲ ਪੱਧਰ ‘ਤੇ ਸ਼ੋਸਲ ਮੀਡੀਆ ਰਾਹੀਂ ਵਿਲੱਖਣ ਪਹਿਚਾਣ ਬਣਾਉਣ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਆਮ ਲੋਕਾਂ ਦੇ ਨਾਲ-ਨਾਲ ਸਿੱਖ ਭਾਈਚਾਰੇ ਤੱਕ ਰਾਬਤਾ ਕਾਇਮ ਕਰਨ ਲਈ ਨਵੀਆਂ ਪਹਿਲ ਕਦਮੀਆਂ ਤਹਿਤ ਯੂ.ਐਸ.ਏ ਤੋਂ ਆਏ ਭੂਪਿੰਦਰ ਸਿੰਘ ਵੱਲੋਂ ਦਿੱਤੀਆਂ ਜਾਣ ਵਾਲੀਆ ਆਨਰੇਰੀ ਸੇਵਾਵਾਂ ਲੈਣ ਬਾਬਤ ਵੀ ਜਾਣਕਾਰੀ ਦਿੱਤੀ ਗਈ।
ਮੀਟਿੰਗ ਦੌਰਾਨ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੀ ਨੌਜੁਆਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਹਿੱਤ ਵਿਸ਼ੇਸ਼ ਯਤਨ ਕਰਨ ਅਤੇ ਉਹਨਾਂ ਲਈ ਬਾਰਵੀਂ ਜਮਾਤ ਤੋਂ ਬਾਅਦ ਦੀਵਾਨ ਸਕੂਲਾਂ ਵਿੱਚ ਕਿੱਤਾ ਮੁੱਖੀ ਕੋਰਸ ਸ਼ੁਰੂ ਕਰਨ ਦਾ ਵੀ ਨਿਰਣਾ ਲਿਆ ਗਿਆ।ਜਨਰਲ ਹਾਊਸ ਵਿੱਚ ਹੁਸ਼ਿਆਰਪੁਰ ਵਿਖੇ ਸੀ.ਕੇ.ਡੀ ਸਕੂਲ ਦੇ ਵਿਕਾਸ-ਵਿਸਥਾਰ ਲਈ ਸਕੂਲ ਦੇ ਨਾਲ ਲੱਗਦੀ 33 ਮਰਲੇ ਖਰੀਦੀ ਗਈ ਜ਼ਮੀਨ ਬਾਬਤ ਅਤੇ ਗੋਪਾਲਪੁਰਾ ਮੱਝਵਿੰਡ ਵਿਖੇ ਤਿਆਰ ਕੀਤੇ ਗਏ ਅਤਿ ਆਧੁਨਿਕ ਨਵੇਂ ਬਲਾਕ ਵਿੱਚ ਕਲਾਸਾਂ ਸ਼ੁਰੂ ਕਰਨ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ ਗਈ।ਸੀ.ਕੇ.ਡੀ ਬਸੰਤ ਐਵੀਨਿਊ ਸਕੂਲ ਵਿੱਚ ਵਧ ਰਹੀ ਵਿਦਿਆਰਥੀਆਂ ਦੀ ਗਿਣਤੀ ਦੇ ਮੱਦੇਨਜ਼ਰ ਏਅਰਪੋਰਟ ਰੋਡ ਅੰਮ੍ਰਿਤਸਰ ਵਿਖੇ 2 ਏਕੜ ਜ਼ਮੀਨ ‘ਤੇ ਆਈ.ਸੀ.ਐਸ.ਸੀ ਸਕੂਲ ਖੋਲਣ ਦਾ ਨਿਰਣਾ ਲਿਆ ਗਿਆ ਅਤੇ ਇਸ ਦੇ ਨਾਲ ਹੀ ਦੀਵਾਨ ਦੇ ਸਮੂਹ ਸਕੂਲਾਂ ਦੇ ਨਕਸ਼ੇ ਪਾਸ ਕਰਵਾਉਣ ਲਈ ਸਲਾਹਕਾਰ ਏਜੰਸੀਆਂ ਦੀਆਂ ਸੇਵਾਵਾਂ ਲੈਣ ਲਈ ਪ੍ਰਵਾਨਗੀ ਲਈ ਗਈ।
ਮੀਟਿੰਗ ਦੌਰਾਨ ਦੀਵਾਨ ਦੇ ਸਰਪ੍ਰਸਤ ਰਾਜਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀ. ਆਨਰੇਰੀ ਸਕੱਤਰਾਂ ਵਿਚ ਸ਼ਾਮਲ ਜਸਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਮੱਤੇਵਾਲ ਅਤੇ ਹਰਜੀਤ ਸਿੰਘ (ਤਰਨਤਾਰਨ), ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ ਸਮੇਤ ਕਰੀਬ 125 ਮੈਂਬਰ ਸਾਹਿਬਾਨ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …