Sunday, March 15, 2026

ਖ਼ਾਲਸਾ ਕਾਲਜ ਵਿਖੇ ਪੁਸਤਕ ‘ਸਰੋਕਾਰ ਤੇ ਸ਼ਖਸੀਅਤਾਂ’ ਲੋਕ ਅਰਪਿਤ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੁਸਤਕ ‘ਸਰੋਕਾਰ ਤੇ ਸ਼ਖਸੀਅਤਾਂ’ ਨੂੰ ਲੋਕ ਅਰਪਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵਲੋਂ ਡਾ. ਸੁਖਦੇਵ ਸਿੰਘ ਝੰਡ ਦੀ ਵਾਰਤਕ ਪੁਸਤਕ ਸਬੰਧੀ ਕਰਵਾਏ ਸਮਾਗਮ ਦੌਰਾਨ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਅਜੋਕੇ ਸਮੇਂ ’ਚ ਸਾਹਿਤ ਨਾਲੋਂ ਅਸਾਹਿਤ ਜਿਆਦਾ ਪ੍ਰਕਾਸ਼ਿਤ ਹੋ ਰਿਹਾ ਹੈ।ਜਿਸ ਦਾ ਚੰਗੇ ਸਾਹਿਤ ਨੂੰ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਲਜ ਮਿਆਰੀ ਸਾਹਿਤ ਦੇ ਪ੍ਰਸਾਰ ਲਈ ਹਮੇਸ਼ਾਂ ਉਪਰਾਲੇ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।ਡਾ. ਝੰਡ ਦੀ ਸਾਹਿਤ ਸਰਿਜਣਾ ਬਾਰੇ ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਰਾਸਤ ਦੀ ਗੱਲ ਕਰਦੀ ਹੋਈ ਸਾਡੇ ਵਰਤਮਾਨ ਜੀਵਨ ਨੂੰ ਵੀ ਪੇਸ਼ ਕਰਦੀ ਹੈ।ਪੰਜਾਬੀ ਵਿਭਾਗ ਨੇ ਡਾ. ਝੰਡ ਨੂੰ ਯਾਦਗਾਰ ਵਜੋਂ ਕਾਲਜ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ।
ਸ਼ਾਇਰ ਮਲਵਿੰਦਰ ਨੇ ਕਿਹਾ ਕਿ ਡਾ. ਝੰਡ ਲੰਮੇ ਸਮੇ ਤੋਂ ਸਾਹਿਤ ਸਿਰਜਣਾ ਨਾਲ ਜੁੜੇ ਹਨ ਅਤੇ ਹੁਣ ਕੈਨੇਡਾ ਜਾ ਕੇ ਸਾਹਿਤ ਸਭਾਵਾਂ ਵਿਚ ਸਰਗਰਮੀ ਨਾਲ ਭਾਗ ਲੈ ਰਹੇ ਹਨ।ਡਾ. ਇਕਬਾਲ ਕੌਰ ਸੌਂਧ ਸਾਬਕਾ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਡਾ. ਝੰਡ ਦੀ ਪੁਸਤਕ ’ਚੋਂ ਪੰਜਾਬ ਦਾ ਲੋਕ ਜੀਵਨ ਝਲ਼ਕਦਾ ਹੈ ਉਨ੍ਹਾਂ ਦੇ ਪੰਜਾਬ ਦੇ ਰੁੱਖਾਂ ਬਾਰੇ ਲੇਖ ਪ੍ਰਸੰਸਾਯੋਗ ਹਨ।
ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਵਾਰਕਤ ਦੀ ਜਾਨ ਖੂਬਸੂਰਤ ਵਾਕ ਹੁੰਦੇ ਹਨ ਅਤੇ ਡਾ. ਸੁਖਦੇਵ ਸਿੰਘ ਨੂੰ ਦਿਲ ਖਿੱਚਵੇਂ ਵਾਕ ਬਣਾਉਣ ਦੀ ਕਲਾ ਆਉਂਦੀ ਹੈ।ਇਨ੍ਹਾਂ ਦੇ ਬਹੁਤ ਸਾਰੇ ਵਾਕ ਪਾਠਕਾਂ ਦੀ ਜੁਬਾਨ ‘ਤੇ ਚੜ੍ਹਨ ਵਾਲੇ ਹਨ।ਰਸਿਕਤਾ ਵਾਰਤਕ ਦਾ ਮੀਰੀ ਗੁਣ ਹੁੰਦਾ ਹੈ, ਜਿਸ ਨਾਲ ਇਹ ਪੁਸਤਕ ਭਰਪੂਰ ਹੈ।ਡਾ. ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਰੋਕਾਰ ਤੇ ਸ਼ਖਸੀਅਤਾਂ ਪੁਸਤਕ ’ਚੋਂ ਪੰਜਾਬ ਦਾ ਇਤਿਹਾਸ ਅਤੇ ਏਥੋਂ ਦਾ ਸਭਿਆਚਾਰ ਝਲਕਦਾ ਹੈ, ਜਿਸ ਕਾਰਨ ਇਹ ਪੁਸਤਕ ਸਭਿਆਚਾਰਕ ਵਿਰਾਸਤ ਦਾ ਖਜ਼ਾਨਾ ਬਣ ਗਈ ਹੈ।ਸਮਾਗਮ ਦਾ ਸੰਚਾਲਨ ਡਾ. ਹੀਰਾ ਸਿੰਘ ਨੇ ਕੀਤਾ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਗਰੁਸ਼ਿੰਦਰ ਕੌਰ ਤੋਂ ਇਲਾਵਾ ਨਿਰਮਲ ਅਰਪਣ, ਵਿਸ਼ਾਲ ਬਿਆਸ, ਦੀਪ ਦਵਿੰਦਰ ਸਿੰਘ, ਡਾ. ਮੋਹਨ ਬੇਗੋਵਾਲ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ, ਰਾਜਖੁਸ਼ਵੰਤ ਸਿੰਘ ਸੰਧੂ, ਅਰਤਿੰਦਰ ਸੰਧੂ, ਜਗਤਾਰ ਸਿੰਘ, ਜਸਵੰਤ ਧਾਪ, ਆਇਆ ਸਿੰਘ, ਕੁਲਜੀਤ ਸਿੰਘ, ਜੋਗਿੰਦਰ ਸਿੰਘ ਸਾਬਰ, ਪਿ੍ਰਤਪਾਲ ਸਿੰਘ, ਵਿਜੇਤਾ ਭਾਰਦਵਾਜ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …