ਸੰਗਰੂਰ, 12 ਜੁਲਾਈ (ਜਗਸੀਰ ਲੌਂਗੋਵਾਲ) – ਵਿਧਾਇਕ ਬਰਿੰਦਰ ਗੋਇਲ ਵਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ ਸੁਰੇਂਦਰ ਲਾਂਬਾ ਅਤੇ
ਹੋਰਨਾਂ ਅਧਿਕਾਰੀਆਂ ਸਮੇਤ ਘੱਗਰ ਦਰਿਆ ‘ਚ ਪਿਛੋਂ ਪਾਣੀ ਜਿਆਦਾ ਵਧਣ ਕਾਰਨ ਮਕੋਰੜ ਸਾਹਿਬ, ਫੂਲਦ ਤੇ ਮੰਡਵੀ ਪਿੰਡਾਂ ਨੇੜੇ ਘੱਗਰ ਵਿੱਚ ਪਏ ਪਾੜ ਵਾਲ਼ੀਆਂ ਥਾਵਾਂ ਦਾ ਜਾਇਜ਼ਾ ਲਿਆ ਗਿਆ।ਵਿਧਾਇਕ ਬਰਿੰਦਰ ਗੋਇਲ ਨੇ ਦੱਸਿਆ ਕਿ ਮੰਡਵੀ ਨੇੜੇ ਘੱਗਰ ਵਿੱਚ ਪਏ ਪਾੜ ਨੂੰ ਜਿਲ੍ਹਾ ਪ੍ਰਸਾਸ਼ਨ ਵਲੋਂ ਪੂਰੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਪਹਿਲੇ ਕੁੱਝ ਘੰਟਿਆਂ ਵਿੱਚ ਹੀ ਪੂਰ ਦਿੱਤਾ ਗਿਆ, ਜਦਕਿ ਦੂਜੇ ਦੋਵਾਂ ਪਾੜਾਂ ‘ਤੇ ਵੀ ਪ੍ਰਸ਼ਾਸ਼ਨਿਕ ਟੀਮਾਂ, ਐਨ.ਡੀ.ਆਰ.ਐਫ, ਭਾਰਤੀ ਫੌਜ ਦੇ ਜਵਾਨਾਂ ਅਤੇ ਮਗਨਰੇਗਾ ਮਜ਼ਦੂਰਾਂ ਵਲੋਂ ਤਕਨੀਕੀ ਨਿਗਰਾਨੀ ਹੇਠ ਜੰਗੀ ਪੱਧਰ ‘ਤੇ ਬੰਨ੍ਹ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਜਿਲ੍ਹਾ ਪ੍ਰਸ਼ਾਸ਼ਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਡਿਪਟੀ ਕਮਿਸ਼ਨਰ ਸਮੇਤ ਸਮੂਹ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਵਲੋਂ ਐਨ.ਡੀ.ਆਰ.ਐਫ ਅਤੇ ਭਾਰਤੀ ਫੌਜ ਦੇ ਜਵਾਨਾਂ ਦੇ ਸਹਿਯੋਗ ਨਾਲ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਘੜੀ ਵਿੱਚ ਡਟ ਕੇ ਲੋਕਾਂ ਨਾਲ ਖੜ੍ਹੀ ਹੈ।ਵਿਧਾਇਕ ਬਰਿੰਦਰ ਗੋਇਲ, ਡਿਪਟੀ ਕਮਿਸ਼ਰ ਜਤਿੰਦਰ ਜ਼ੋਰਵਾਲ ਅਤੇ ਐਸ.ਐਸ.ਪੀ ਨੇ ਐਨ.ਡੀ.ਆਰ.ਐਫ ਦੇ ਜਵਾਨਾਂ ਸਮੇਤ ਕਿਸ਼ਤੀ ਵਿੱਚ ਜਾ ਕੇ ਮਕੋਰੜ ਸਾਹਿਬ ਅਤੇ ਫੂਲਦ ਵਿਖੇ ਪਾੜ ਵਾਲੀਆਂ ਥਾਵਾਂ ਦਾ ਨੇੜਿਓਂ ਨਿਰੀਖਣ ਕੀਤਾ ਅਤੇ ਪਾੜ ਪੂਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਮੂਨਕ ਤੇ ਖਨੌਰੀ ਇਲਾਕੇ ਦੇ ਪਿੰਡਾਂ ‘ਚ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਫੌਜ ਨੂੰ ਵੀ ਸਮੇਂ ਸਿਰ ਬੁਲਾ ਲਿਆ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਸਥਿਤੀ ਵਿਚ ਘੱਗਰ ਦਾ ਪਾਣੀ ਆਬਾਦੀ ਵਿੱਚ ਦਾਖਲ ਹੁੰਦਾ ਹੈ ਤਾਂ ਇਸ ਦੇ ਮੱਦੇਨਜ਼ਰ ਪ੍ਰਸਾਸ਼ਨ ਵਲੋਂ ਪਹਿਲਾਂ ਤੋਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੂਨਕ ਵਿਖੇ ਆਰਜ਼ੀ ਮੁੜ ਵਸੇਬਾ ਕੇਂਦਰ ਸਥਾਪਿਤ ਕਰਕੇ ਲੋੜੀਂਦੀਆਂ ਸਹੂਲਤਾਂ, ਭੋਜਨ ਅਤੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਐਸ.ਡੀ.ਐਮ ਸੂਬਾ ਸਿੰਘ, ਐਸ.ਡੀ.ਐਮ ਨਵਰੀਤ ਕੌਰ ਸੇਖੋਂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media