ਮੁੱਖ ਮੰਤਰੀ ਪੰਜਾਬ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਫਾਊਂਡੇਸ਼ਨ ਦੀ ਸ਼ਲਾਘਾ
ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਆਪਣਾ ਪੰਜਾਬ ਫਾਊਂਡੇਸ਼ਨ ਪੰਜਾਬ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ
ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਧੂਰੀ ਵਿਖੇ ਕਾਲਜ ਦੇ ਖੁੱਲੇ ਸਟੇਡੀਅਮ ’ਚ 11 ਹਜ਼ਾਰ ਵਿਦਿਆਰਥੀਆਂ ਵਲੋਂ ਵੱਡਾ ‘ਮਨੁੱਖੀ ਦਰਖਤ’ ਬਣਾਉਣ ਅਤੇ ਇੱਕੋ ਦਿਨ ਸੂਬੇ ’ਚ 7 ਲੱਖ ਬੂਟੇ ਲਗਾ ਕੇ ਵਿਸ਼ਵ ਰਿਕਾਰਡ ਸਥਾਪਿਤ ਕਰਨ ਦਾ ਮਾਣ ਪ੍ਰਾਪਤ ਕੀਤਾ।ਵਰਨਣਯੋਗ ਹੈ ਕਿ ਉਕਤ ਸੰਸਥਾ ਵਲੋਂ ਪਿਛਲੇ ਵਰ੍ਹੇ ਪੰਜ ਲੱਖ ਅਠਾਹਠ ਹਜ਼ਾਰ ਬੂਟੇ ਲਗਾਏ ਗਏ ਸਨ।ਆਸ਼ੀਰਵਾਦ ਡੇ-ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਪ੍ਰਿੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਬਰੜਵਾਲ ਦੇ ਖੁੱਲੇ ਸਟੇਡੀਅਮ ਵਿੱਚ ਇਸ ਵਿਸ਼ਵ ਰਿਕਾਰਡ ਦੇ ਸਾਖਸੀ ਬਣੇ ਹਜ਼ਾਰਾਂ ਲੋਕਾਂ ਤੇ ਸਕੂਲੀ ਬੱਚਿਆਂ ਦਰਮਿਆਨ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਦੇਸ਼ ਦੀ ਉੱਘੀ ਧਾਰਮਿਕ ਸਖਸ਼ੀਅਤ ਬਾਬਾ ਕਾਲੀਦਾਸ ਪਰਮਹੰਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਹ ਵਰਲਡ ਰਿਕਾਰਡ ਬਣਾਉਣ ਵਿੱਚ ਆਸ਼ੀਰਵਾਦ ਡੇ-ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 100 ਵਿਦਿਆਰਥੀਆਂ ਨੇ ਹਿੱਸਾ ਲਿਆ।ਇਹਨਾਂ ਵਿਦਿਆਰਥੀਆਂ ਨੂੰ ਫਾਊਂਡੇਸ਼ਨ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਭਵਿੱਖ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਸਕੂਲ ਦਾ ਹਰੇਕ ਬੱਚਾ ਇੱਕ-ਇੱਕ ਬੂਟਾ ਲਗਾਏਗਾ ਅਤੇ ਇਸ ਦੇ ਪਾਲਣ ਪੋਸ਼ਣ ਦਾ ਵੀ ਅਹਿਦ ਕਰੇਗਾ।ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਡਾਕਟਰ ਧੂਰੀ ਤੇ ਉਹਨਾਂ ਦੀ ਟੀਮ ਦਾ ਵਾਤਾਵਰਨ ਪ੍ਰਤੀ ਇਹ ਵਿਲੱਖਣ ਉਪਰਾਲਾ ਹੋਰਾਂ ਲਈ ਪ੍ਰੇਰਣਾ ਸਰੋਤ ਅਤੇ ਰਾਹ ਦਰਸਾਊ ਹੈ।
60 ਸਕੂਲਾਂ ਦੇ 11 ਹਜ਼ਾਰ ਸਕੂਲੀ ਬੱਚਿਆਂ ਨੇ ਦੁਨੀਆਂ ਦਾ ਸਭ ਤੋਂ ਵੱਡਾ ਹਰਾ ਭਰਾ ‘ਮਨੁੱਖੀ ਦਰਖਤ’ ਬਣਾ ਕੇ ਦੁਪਹਿਰ 12:03 ਵਜੇ ਵਿਸ਼ਵ ਰਿਕਾਰਡ ਬਣਾਇਆ।ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦੇ ਨਾਲ ਸਕੂਲ ਵਾਇਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ, ਅਤੇ ਮੈਡਮ ਜਿੰਨੀਦਰਜੀਤ ਕੌਰ, ਕਮਲਜੀਤ ਕੌਰ, ਹਰਦੀਪ ਸਿੰਘ ਅਧਿਆਪਕਾਂ ਨੇ ਭਾਗ ਲਿਆ।ਇਸ ਵਿਸ਼ਵ ਰਿਕਾਰਡ ਨੂੰ ਲੈ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਹਨਾਂ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ।
Punjab Post Daily Online Newspaper & Print Media