Tuesday, March 17, 2026

ਪੰਜਾਬੀ ਅਧਿਐਨ ਸਕੂਲ ਵਲੋਂ ਡਾ. ਪਰਮਜੀਤ ਸਿੰਘ ਸਿੱਧੂ ਦੇ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਡਾ. ਪਰਮਜੀਤ ਸਿੰਘ ਸਿੱਧੂ ਦੇ ਚਲਾਣਾ ਕਰ ਜਾਣ ‘ਤੇ ਇਕ ਸ਼ੋਕ ਸਭਾ ਕੀਤੀ ਗਈ।ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਆਪਣੇ ਸੰਦੇਸ਼ ਵਿੱਚ ਡਾ. ਪਰਮਜੀਤ ਸਿੰਘ ਸਿੱਧੂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ।ਵਿਭਾਗ ਮੁਖੀ ਡਾ. ਮਨਜਿੰਦਰ ਸਿੰਘ ਨੇ ਡਾ. ਸਿੱਧੂ ਦੇ ਜੀਵਨ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ।ਉਹਨਾਂ ਕਿਹਾ ਕਿ ਡਾ. ਪਰਮਜੀਤ ਸਿੰਘ ਸਿੱਧੂ ਇਕ ਸੰਸਥਾ ਸਨ, ਜਿਨ੍ਹਾਂ ਨੇ ਪੰਜਾਬੀ ਵਿਚ ਭਾਸ਼ਾ ਵਿਗਿਆਨ ਨਾਲ ਸਬੰਧਿਤ ਕਈ ਅਨੁਸ਼ਾਸਨਾਂ ਦਾ ਮੁੱਢ ਬੰਨ੍ਹਿਆ।ਉਹਨਾਂ ਕਿਹਾ ਕਿ ਡਾ. ਸਿੱਧੂ ਪੰਜਾਬੀ ਜਗਤ ਦੇ ਸਿਰਮੌਰ ਵਿਦਵਾਨ ਡਾ. ਮੋਹਨ ਸਿੰਘ ਦੀਵਾਨਾ ਦੇ ਹੋਣਹਾਰ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਮਾਨਵ-ਭਾਸ਼ਾ ਵਿਗਿਆਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜੇ.ਐਨ.ਯੂ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਰਹੇ ਡਾ. ਹਰਜੀਤ ਸਿੰਘ ਗਿੱਲ ਦੇ ਪਹਿਲੇ ਪੀ.ਐਚ.ਡੀ ਦੇ ਖੋਜ਼-ਵਿਦਿਆਰਥੀ ਸਨ।ਪੰਜਾਬੀ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਉਹਨਾਂ ਨੇ ਰੂਪ ਵਿਗਿਆਨ, ਵਾਕ ਵਿਗਿਆਨ, ਅਰਥ ਵਿਗਿਆਨ, ਆਰਥੋਗ੍ਰਾਫੀ ਦੀਆਂ ਦ੍ਰਿਸ਼ਟੀਆਂ ਤੋਂ ਪੰਜਾਬੀ ਮੱਧਕਾਲੀਨ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਿਵੇਂ ਗੁਰਮਤਿ, ਕਿੱਸਾ, ਸੂਫ਼ੀ ਅਤੇ ਵਾਰਤਕ ਸਾਹਿਤ ਦਾ ਅਧਿਐਨ ਕੀਤਾ ਅਤੇ ਖੋਜ-ਕਾਰਜ ਕਰਵਾਇਆ।ਉਹਨਾਂ ਕਿਹਾ ਕਿ ਡਾ. ਸਿੱਧੂ ਨੇ ਭਾਰਤੀ ਭਾਸ਼ਾ ਦਰਸ਼ਨ ਨੂੰ ਪੰਜਾਬੀ ਵਿੱਚ ਪਹਿਲੀਵਾਰ ਜਾਣੂ ਕਰਵਾਇਆ।ਇਸ ਖੇਤਰ ਨਾਲ ਸਬੰਧਤ ਉਹਨਾਂ ਨੇ “ਮਾਨਵ ਵਿਗਿਆਨਕ ਭਾਸ਼ਾ ਵਿਗਿਆਨ”, “ਕੋਸ਼ਕਾਰੀ ਕਲਾ ਅਤੇ ਪੰਜਾਬੀ ਕੋਸ਼ਕਾਰੀ”, “ਪੰਜਾਬੀ ਵਕੰਸ਼ ਜੁਗਤ” “ਸ਼ਬਦ : ਸੰਕਲਪ ਅਤੇ ਸਰੂਪ” ਆਦਿ ਵਰਗੀਆਂ ਮਿਆਰੀ ਪੁਸਤਕਾਂ ਦੀ ਰਚਨਾ ਕੀਤੀ।ਉਹਨਾਂ ਨੇ ਪੰਜਾਬੀ ਕੋਸ਼ਕਾਰੀ, ਵਿਆਕਰਨ ਅਤੇ ਗੁਰਬਾਣੀ ਦੇ ਭਾਸ਼ਾਈ ਅਧਿਐਨ ਸਬੰਧੀ ਮੌਲਿਕ ਸਥਾਪਨਾਵਾਂ ਪ੍ਰਸਤੁਤ ਕੀਤੀਆਂ।ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਡਾ. ਸਿੱਧੂ ਸਹਿਯੋਗੀ ਅਧਿਆਪਕਾਂ ਅਤੇ ਵਿਦਿਆਰਥੀਆਂ ਪ੍ਰਤੀ ਪ੍ਰਤੀਬੱਧ ਅਤੇ ਸੰਪਰਦਾਇਕਤਾ ਤੋਂ ਮੁਕਤ ਸ਼ਖ਼ਸੀਅਤ ਸਨ। ਡਾ. ਮੇਘਾ ਸਲਵਾਨ (ਅਸਿਸਟੈਂਟ ਪ੍ਰੋਫ਼ੈਸਰ) ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ. ਸਿ ੱਧੂ ਅਕਾਦਮਿਕ ਗਤੀਵਿਧੀਆਂ ਨੂੰ ਸਮਰਪਿਤ ਅਧਿਆਪਕ ਸਨ।ਡਾ. ਹਰਿੰਦਰ ਕੌਰ ਸੋਹਲ (ਅਸਿਸਟੈਂਟ ਪ੍ਰੋਫ਼ੈਸਰ) ਨੇ ਕਿਹਾ ਡਾ. ਸਿੱਧੂ ਨੇਕ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ।ਡਾ. ਚੰਦਨ ਪ੍ਰੀਤ ਸਿੰਘ ਨੇ ਕਿਹਾ ਕਿ ਉਹ ਲੋਕਤਾਂਤ੍ਰਿਕ ਚਰਿੱਤਰ ਦੇ ਧਾਰਨੀ ਸਨ।ਡਾ. ਪਵਨ ਕੁਮਾਰ ਨੇ ਕਿਹਾ ਕਿ ਉਹ ਹਮੇਸ਼ਾਂ ਸਮੂਹ ਵਿਦਿਆਰਥੀਆਂ ਦੇ ਪ੍ਰਤੀਬੱਧ ਮਾਰਗ ਦਰਸ਼ਕ ਰਹੇ।ਡਾ. ਕੰਵਲਦੀਪ ਕੌਰ ਨੇ ਕਿਹਾ ਕਿ ਡਾ. ਸਿੱਧੂ ਉੱਚਕੋਟੀ ਦੇ ਚਿੰਤਕ ਅਤੇ ਸੰਜ਼ਮੀ ਸ਼ਖ਼ਸੀਅਤ ਸਨ।ਇਸ ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਡਾ. ਇੰਦਰਪ੍ਰੀਤ ਕੌਰ ਦੁਆਰਾ ਨਿਭਾਈ ਗਈ।
ਇਸ ਮੌਕੇ ਡਾ. ਕੰਵਲਜੀਤ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਸਮੇਤ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …