Tuesday, July 7, 2026

ਅਜਨਾਲਾ ਸ਼ਹਿਰ ਵਿੱਚ ਲਗਾਏ ਜਾਣਗੇ 150 ਸੀ.ਸੀ.ਟੀ.ਵੀ ਕੈਮਰੇ- ਧਾਲੀਵਾਲ

ਅਜਨਾਲਾ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਤੀ ਦਿਨ ਅਣਪਛਾਤੇ ਵਿਅਕਤੀ ਵਲੋਂ ਕਤਲ ਕਰ ਦਿੱਤੇ ਗਏ ਸੇਵਾ ਮੁਕਤ ਅਧਿਆਪਕਾਂ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਅਜਨਾਲਾ ਸ਼ਹਿਰ ਵਿੱਚ 150 ਕੈਮਰੇ ਲਗਾਏ ਜਾਣਗੇ।ਉਨਾਂ ਹਾਜ਼ਰ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੀਆਂ ਅਜਿਹੀਆਂ 150 ਥਾਵਾਂ ਦੀ ਚੋਣ ਆਪਣੀ ਟੀਮ ਨੂੰ ਨਾਲ ਲੈ ਕੇ ਕਰਨ, ਜਿਥੋਂ ਜਨਤਕ ਸਥਾਨਾਂ, ਜਿੰਨਾ ਵਿਚ ਸੜਕਾਂ, ਗਲੀਆਂ, ਚੌਕ, ਪਾਰਕ ਆਦਿ ਵੱਧ ਤੋਂ ਵੱਧ ਕਵਰ ਹੋ ਸਕਣ।ਉਨਾਂ ਕਿਹਾ ਕਿ ਉਹ ਇਹਨਾਂ ਕੈਮਰਿਆਂ ‘ਤੇ ਆਉਣ ਵਾਲਾ ਖਰਚਾ ਆਪਣੇ ਅਖਿਤਾਰੀ ਫੰਡ ਵਿਚੋਂ ਕਰਨਗੇ।ਧਾਲੀਵਾਲ ਨੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਅਜਿਹੇ ਲੋਕ ਜਿੰਨਾਂ ਨੇ ਇਹ ਘਿਨੌਣਾ ਅਪਰਾਧ ਕੀਤਾ ਹੈ।ਉਨਾਂ ਨੂੰ ਛੇਤੀ ਹੀ ਗ੍ਰਿਫਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਅਜਨਾਲਾ ਸ਼ਹਿਰ ਦੇ ਮਾਣ-ਮੱਤੇ ਪਰਿਵਾਰ ਨੂੰ ਇਹ ਵੱਡਾ ਘਾਟਾ ਪਿਆ ਹੈ, ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਨਿਆਂ ਦਿਵਾ ਕੇ ਇੰਨਾ ਦੇ ਜਖਮਾਂ ‘ਤੇ ਮਲਮ ਪੱਟੀ ਕਰ ਸਕਦੇ ਹਾਂ।ਉਨਾਂ ਦੱਸਿਆ ਕਿ ਡੀ.ਆਈ.ਜੀ, ਜਿਲ੍ਹਾ ਪੁਲਿਸ ਮੁਖੀ ਤੇ ਹੋਰ ਸੀਨੀਅਰ ਅਧਿਕਾਰੀ ਇਸ ਕਤਲ ਕੇਸ ਵਿੱਚ ਸ਼ਾਮਿਲ ਵਿਅਕਤੀਆਂ ਦੀ ਪੈੜ ਨੱਪ ਰਹੇ ਹਨ ਅਤੇ ਛੇਤੀ ਹੀ ਉਹ ਸਾਡੀ ਗ੍ਰਿਫਤ ਵਿੱਚ ਹੋਣਗੇ।
ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਅਤੇ ਹੋਰ ਮੋਹਤਬਰ ਵੀ ਉਨਾਂ ਨਾਲ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …