ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ‘ਕੌਣ ਬਣੇਗਾ
ਕਰੋੜਪਤੀ-15’ ਦੇ ਪਹਿਲੇ ਕਰੋੜਪਤੀ ‘ਜਸਕਰਨ ਸਿੰਘ’ ਦੇ ਸਨਮਾਨ ਵਿੱਚ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਅਤੇ ਜਸਕਰਨ ਸਿੰਘ ਦਾ ਭਰਾ ਰਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।
ਸਮਾਗਮ ਦਾ ਅਰੰਭ ਪਵਿੱਤਰ ਜੋਤ ਜਗਾ ਕੇ ਕੀਤਾ ਗਿਆ ਅਤੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸੁਆਗਤ ਕੀਤਾ।ਇਸ ਖੁਸ਼ੀ ਦੇ ਮੌਕੇ ਕੇਕ ਵੀ ਕੱਟਿਆ ਗਿਆ।ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਜਸਕਰਨ ਸਿੰਘ ਨੂੰ ਉਸ ਦੀ ਇਸ ਸਫਲਤਾ ’ਤੇ ਵਧਾਈ ਦਿੰਦੇ ਹੋਏ ਆਖਿਆ ਕਿ ਛੋਟੀ ਜਿਹੀ ਉਮਰ ਵਿੱਚ ਹੀ ਉਸ ਨੇ ਜੋ ਮੰਜ਼ਿਲ ਹਾਸਲ ਕੀਤੀ ਹੈ, ਉਹ ਨੌਜੁਆਨ ਪੀੜ੍ਹੀ ਦੇ ਲਈ ਪ੍ਰੇਰਨਾਦਾਇਕ ਹੈ।ਉਸ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਹਰ ਮੁਸੀਬਤ ਦਾ ਸਾਹਮਣਾ ਕਰਕੇ ਮੰਜ਼ਿਲ ’ਤੇ ਪਹੰੁਚਿਆ ਜਾ ਸਕਦਾ ਹੈ।ਹਰੇਕ ਇਨਸਾਨ ਨੂੰ ਆਪਣੇ ਜੀਵਨ ਦਾ ਉਦੇਸ਼ ਨਿਸ਼ਚਿਤ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਸਕਰਨ ਵਾਂਗ ਮਿਹਨਤੀ, ਆਤਮ-ਵਿਸ਼ਵਾਸ਼ੀ ਅਤੇ ਆਸ਼ਾਵਾਦੀ ਬਣਨ ਦੀ ਪ੍ਰੇਰਨਾ ਦਿੱਤੀ ।
ਡੀ.ਏ.ਵੀ ਕਾਲਜ ਪਿ੍ਰੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਜਸਕਰਨ ਸਿੰਘ ਨੇ ਆਪਣੀ ਮਿਹਨਤ ਅਤੇ ਆਤਮ-ਵਿਸ਼ਵਾਸ਼ ਸਦਕਾ ਕਾਲਜ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।‘ਕੌਣ ਬਣੇਗਾ ਕਰੋੜਪਤੀ’ ਵਰਗੇ ਮੰਚ ’ਤੇ ਜਾ ਕੇ ਖੇਡਣਾ ਹੀ ਆਪਣੇ-ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਇੱਕ ਕਰੋੜ ਰੁਪਏ ਜਿੱਤਣ ਦੀ ਖੁਸ਼ੀ ਨੂੰ ਤਾਂ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਜਸਕਰਨ ਸਿੰਘ ਨੇ ਡੀ.ਏ.ਵੀ ਕਾਲਜ ‘ਸਟਾਰ ਰੀਡਰ ਆਫ ਲਾਇਬ੍ਰੇਰੀ’ ਦਾ ਪੁਰਸਕਾਰ ਵੀ ਪ੍ਰਾਪਤ ਕੀਤਾ ਹੈ ਅਤੇ ਆਪਣੀ ਤੀਖਣ ਬੁੱਧੀ ਕਾਰਨ ਛੋਟੀ ਜਿਹੀ ਉਮਰ ਵਿੱਚ ਸਫਲਤਾ ਪ੍ਰਾਪਤ ਕੀਤੀ।ਡੀ.ਏ.ਵੀ ਸੰਸਥਾਵਾਂ ਲਈ ਇਹ ਬਹੁਤ ਵੱਡਾ ਮਾਣ ਹੈ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਭਵਿੱਖ ਵਿੱਚ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਹੋਇਆ ਆਈ.ਏ.ਐਸ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇ।ਉਨ੍ਹਾਂ ਨੇ ਜਸਕਰਨ ਸਿੰਘ ਦੇ ਸਤਿਕਾਰ ਵਿੱਚ ਇਸ ਵਿਸ਼ਾਲ ਸਮਾਗਮ ਦਾ ਆਯੋਜਨ ਕਰਨ ‘ਤੇ ਡਾ. ਅਜ਼ਨਾ ਗੁਪਤਾ ਦਾ ਧੰਨਵਾਦ ਕੀਤਾ।
ਜਸਕਰਨ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਨਿਰੰਤਰ, ਲਗਾਤਾਰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪੇ੍ਰਰਿਤ ਕੀਤਾ।ਉਨ੍ਹਾਂ ਆਖਿਆ ਕਿ ਜੀਵਨ ਵਿੱਚ ਜੇ ਕਦੇ ਅਸਫਲ ਵੀ ਹੋ ਜਾਈਏ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਅਣਥੱਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਸਫਲਤਾ ਤੁਹਾਡੇ ਕਦਮ ਖੁਦ ਚੁੰਮੇਗੀ।ਮਿਹਨਤ ਹੀ ਸਫਲਤਾ ਦੀ ਕੁੰਜ਼ੀ ਹੈ ਕਿਉਂਕਿ ਜੋ ਕੰਮ ਕਿਸਮਤ ਨਹੀਂ ਕਰ ਸਕਦੀ ਉਹ ਮਿਹਨਤ ਜਰੂਰ ਕਰਵਾ ਦਿੰਦੀ ਹੈ।ਵਿਦਿਆਰਥੀਆਂ ਨੇ ਉਨ੍ਹਾਂ ਨੂੰ ਅਨੇਕਾਂ ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਉਸ ਨੇ ਬਹੁਤ ਹੀ ਸਰਲ ਢੰਗ ਨਾਲ ਜੁਆਬ ਦਿੱਤੇ।
ਸਕੂਲ ਦੇ ਵਿਦਿਆਰਥੀਆਂ ਦੁਆਰਾ ਸੁਆਗਤ ਗੀਤ ਵੀ ਗਾਇਆ ਗਿਆ ਤੇ ਗਣੇਸ਼ ਵੰਦਨਾ ਕਰਦੇ ਹੋਏ ਨ੍ਰਿਤ ਪੇਸ਼ ਕੀਤਾ ਗਿਆ।‘ਜਸਕਰਨ-ਇੱਕ ਪ੍ਰਤਿਭਾ’ ਲਘੂ ਨਾਟਕ ਦੁਆਰਾ ਜਸਕਰਨ ਸਿੰਘ ਦੀ ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚੇਰੀ ਸਿੱਖਿਆ ਅਤੇ ਕੇ.ਬੀ.ਸੀ ਦੀ ਯਾਤਰਾ ਨੂੰ ਬੜੇ ਹੀ ਰਚਨਾਤਮਕ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਨੇ ਲੋਕ-ਨਾਚ ‘ਗਿੱਧਾ’ ਪਾ ਕੇ ਸਾਰਿਆਂ ਦਾ ਮਨਮੋਹ ਲਿਆ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।
ਡੀ.ਏ.ਵੀ ਪ੍ਰਬੰਧਕੀ ਕਮੇਟੀ ਦਿੱਲੀ ਦੇ ਪ੍ਰਧਾਨ ਪ੍ਰਦਮਸ੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ, ਡਾ. ਜੇ.ਪੀ ਸ਼ੂਰ ਨਿਰਦੇਸ਼ਕ ਪਬਲਿਕ ਸਕੂਲਜ਼-1 ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਵੀ ਜਸਕਰਨ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Punjab Post Daily Online Newspaper & Print Media