ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਮਨੋਵਿਗਿਆਨ : ਉਭਰਦਾ ਹੋਇਆ ਉਜਵੱਲ ਭਵਿੱਖ ਖੇਤਰ’ ਵਿਸ਼ੇ ’ਤੇ ਗੈਸਟ
ਲੈਕਚਰ ਕਰਵਾਇਆ ਗਿਆ।ਕਾਲਜ ਦੇ ਮਨੋਵਿਗਿਆਨ ਵਿਭਾਗ ਵਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਆਰਟਸ ਐਂਡ ਹਿਊਮੈਨਟੀਜ਼ ਦੇ ਡੀਨ ਪ੍ਰੋ: ਜਸਪ੍ਰੀਤ ਕੌਰ ਦੀ ਅਗਵਾਈ ਹੇਠ ਬੀਤੇ ਦਿਨੀਂ ਕਰਵਾਏ ਇਸ ਲੈਕਚਰ ਦਾ ਮਕਸਦ ਵਿਦਿਆਰਥੀਆਂ ਨੂੰ ਮਨੋਵਿਗਿਆਨ ਦੇ ਖੇਤਰ ’ਚ ਵੱਖ-ਵੱਖ ਕੈਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਗਰੂਕ ਕਰਨਾ ਸੀ।ਜਿਸ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਹਾਇਕ ਪ੍ਰੋਫੈਸਰ ਡਾ. ਰੂਪਨ ਢਿੱਲੋਂ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਸੰਬੋਧਨ ’ਚ ਵਿਦਿਆਰਥੀਆਂ ਨੂੰ ਮਨੋਵਿਗਿਆਨ ਦੇ ਖੇਤਰ ’ਚ ਸੁਨਿਹਰੇ ਭਵਿੱਖ ਲਈ ਮਿੱਥੇ ਟੀਚਿਆਂ ਨੂੰ ਛੂਹਣ ਸਬੰਧੀ ਚੋਣ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਪ੍ਰੋਗਰਾਮ ਦੇ ਸ਼ੁਰੂਆਤ ’ਚ ਡਾ. ਢਿੱਲੋਂ ਨੇ ਵਿਦਿਆਰਥੀਆਂ ਦੇ ਜੀਵਨ ’ਚ ਕੈਰੀਅਰ ਮਾਰਗਦਰਸ਼ਨ ਦੇ ਪ੍ਰਭਾਵ ਨੂੰ ਸਾਂਝਾ ਕਰਨ ’ਤੇ ਧਿਆਨ ਕੇਂਦਰਿਤ ਕੀਤਾ।ਉਨ੍ਹਾਂ ਕੈਰੀਅਰ ਸਬੰਧੀ ਵਿਦਿਆਰਥੀਆਂ ਨੂੰ ਆਪਣੀ ਸ਼ਖਸੀਅਤ ਨੂੰ ਉਭਾਰਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਕਰੀਅਰ ਦੇ ਵੱਖ-ਵੱਖ ਮੌਕਿਆਂ ਬਾਰੇ ਦੱਸਦਿਆਂ ਆਪਣਾ ਤਜ਼ਰਬਾ ਸਾਂਝਾ ਕੀਤਾ ਕਿ ਵੱਖ-ਵੱਖ ਸ਼ਖਸੀਅਤ ਦੇ ਮਾਪ ਅਲੱਗ-ਅਲੱਗ ਕਰੀਅਰ ਦੇ ਨਤੀਜਿਆਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਉਹ ਮਨੋਵਿਗਿਆਨ ਦੇ ਖੇਤਰ ’ਚ ਪੜ੍ਹਾਈ ਕਰਨ ਤੋਂ ਬਾਅਦ ਖੋਜ਼ ਸਕਦੇ ਹਨ।
ਡਾ. ਢਿੱਲੋਂ ਨੇ ਵਿਦਿਆਰਥੀਆਂ ਨੂੰ ਕਾਉਂਸਲਿੰਗ, ਕਲੀਨਿਕਲ ਮਨੋਵਿਗਿਆਨ, ਲਾਈਫ਼ ਕੋਚਿੰਗ, ਸਾਈਕੋਮੈਟ੍ਰਿਕ ਟੈਸਟਿੰਗ, ਪੁਨਰਵਾਸ ਕਾਉਂਸਲਿੰਗ ਆਦਿ ਨਾਲ ਸਬੰਧਿਤ ਕੈਰੀਅਰ ਮਾਰਗਾਂ ਦੀ ਚੋਣ ਕਰਨ ਦੀ ਪ੍ਰਕਿਰਿਆ ਅਤੇ ਤਰੀਕਿਆਂ ਬਾਰੇ ਚਾਨਣਾ ਪਾਇਆ।ਇਸ ਦੌਰਾਨ ਇਕ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ, ਜਿਥੇ ਡਾ. ਢਿੱਲੋਂ ਨੇ ਵਿਦਿਆਰਥੀਆਂ ਦੇ ਨਿੱਜੀ ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਡਾ. ਜਸ਼ਨਦੀਪ ਕੌਰ ਨੇ ਮਹਿਮਾਨ ਬੁਲਾਰੇ ਅਤੇ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media