
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਰਸਤਿਆਂ ਦੀ ਸਫਾਈ ਸਬੰਧੀ ਕਾਰਜ ਅਰੰਭਣ ਵਾਲੀ ਸਮਾਜ ਸੇਵੀ ਸੰਸਥਾ “ਹੋਲੀ ਸਿਟੀ ਟਰੱਸਟ” ਦੇ ਸਮੂਹ ਮੈਂਬਰਾਂ ਵਲੋਂ ਇਸ ਪਵਿਤਰ ਸ਼ਹਿਰ ਨੂੰ ਗੰਦਗੀ ਦਾ ਢੇਰ ਬਣਾਉਣ ਕਰਕੇ ਭਾਜਪਾ ਮੇਅਰ ਤੇ ਸਥਾਨਿਕ ਲੋਕਲ ਬਾਡੀ ਮੰਤਰੀ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਉਕਤ ਦੋਹਾਂ ਤੇ ਸ਼ਹਿਰ ਦੂਸ਼ਿਤ ਕਰਨ ਤੇ ਪੱਖਪਾਤ ਦਾ ਦੋਸ਼ ਲਗਾਇਆ ਹੈ। ਟਰੱਸਟ ਦੇ ਮੈਂਬਰਾਂ ਵਲੋਂ ਸ਼ਹਿਰ ਦੇ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਜਿਸ ਤੇ ਇਹ ਵੇਖਣ ਨੂੰ ਮਿਲਿਆ ਕਿ ਸਿਵਾਏ ਵਿਧਾਨ ਸਭਾ ਹਲਕਾ ਦੱਖਣੀ ਤੇ ਕੇਂਦਰ ਤੋਂ ਹਰੇਕ ਹਲਕੇ ਵਿਚੋਂ ਕੂੜੇ ਦੀ ਸਫਾਈ ਹੋ ਰਹੀ ਹੈ ਜਦ ਕਿ ਹਲਕਾ ਦੱਖਣੀ ਜਿਥੇ ਕਿ ਸਿੱਖਾਂ ਦੇ ਸਭ ਤੋਂ ਵੱਡੇ ਤੀਰਥ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਰਾਮਸਰ, ਗੁਰਦੁਆਰਾ ਬਿਬੇਕਸਰ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਬਾਬਾ ਅਟੱਲ ਰਾਏ, ਗੁਰਦੁਆਰਾ ਮਾਤਾ ਕੌਲਾਂ ਜੀ ਤੋਂ ਇਲਾਵਾ ਹਿੰਦੂ ਧਾਰਮਿਕ ਅਸਥਾਨ ਮੰਦਰ ਮਾਤਾ ਲੌਂਗਾਂ ਜੀ, ਰਾਧਾ ਕ੍ਰਿਸ਼ਨ ਮੰਦਿਰ, ਮਾਤਾ ਚਿੰਤਪੁਰਨੀ ਮੰਦਰ, ਸ਼ਨੀ ਮੰਦਿਰ, ਹਨੂਮਾਨ ਮੰਦਿਰ, ਸ਼ਿਵਾਲਾ ਵੀਰ ਭਾਨ ਅਜਿਹੇ ਧਾਰਮਿਕ ਅਸਥਾਨ ਹਨ ਜਿਨ੍ਹਾਂ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਰੋਜ਼ਾਨਾ ਨਤਮਸਤਿਕ ਹੁੰਦੇ ਹਨ ਪਰ ਇਨ੍ਹਾਂ ਧਾਰਮਿਕ ਅਸਥਾਨਾ ਨੂੰ ਜਾਂਦੇ ਰਸਤਿਆਂ ਤੇ ਲੱਗੇ ਕੂੜੇ ਦੇ ਢੇਰ ਪ੍ਰਸ਼ਾਸਨ ਦੀ ਨਿਕੰਮੀ ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ ਹੈ।
ਉਨ੍ਹਾਂ ਉਕਤ ਭਾਜਪਾ ਮੰਤਰੀ ਤੇ ਮੇਅਰ ਤੇ ਪੱਖਪਾਤ ਅਤੇ ਕੂੜੇ ਦੇ ਮਾਮਲੇ ਵਿਚ ਗੰਦੀ ਸਿਆਸਤ ਖੇਡਣ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਹਲਕੇ ਵਿਚ ਕਰੋੜਾਂ ਦੀ ਲਾਗਤ ਨਾਲ ਵਿਕਾਸ ਕਾਰਜ ਚਲ ਰਹੇ ਹਨ ਜਦ ਕਿ ਸ੍ਰੀ ਹਰਿਮੰਦਰ ਸਾਹਿਬ ਜਿਸ ਕਰਕੇ ਅੰਮ੍ਰਿਤਸਰ ਸਾਹਿਬ ਦੀ ਹੋਂਦ ਹੈ ਉਸ ਇਲਾਕੇ ਦੀਆਂ ਸੜਕਾਂ, ਸੀਵਰੇਜ ਦਾ ਪਹਿਲਾਂ ਹੀ ਮੰਦਾ ਹਾਲ ਸੀ ਉਪਰੋਂ ਹਲਕੇ ਦੀ ਹਰੇਕ ਗਲੀ, ਮੁਹੱਲਾ ਤੇ ਇਥੋਂ ਤੱਕ ਕਿ ਇਨ੍ਹਾਂ ਧਾਰਮਿਕ ਅਸਥਾਨਾ ਦੇ ਬਾਹਰ ਕੂੜੇ ਦੇ ਵੱਡੇ-ਵੱਡੇ ਢੇਰਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਤੇ ਇਨ੍ਹਾਂ ਆਗੂਆਂ ਵਲੋਂ ਇਸ ਮਾਮਲੇ ਵਿਚ ਰਾਜਨੀਤੀ ਖੇਡੀ ਜਾ ਰਹੀ ਹੈ।ਟਰੱਸਟ ਦੇ ਕਾਨੂੰਨੀ ਸਲਾਹਕਾਰ ਤੇ ਪੰਜਾਬ ਮਨੁੱਖੀ ਅਧਿਕਾਰ ਦੇ ਮੈਂਬਰ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਨਯੋਗ ਹਾਈ ਕੋਰਟ ਵਲੋਂ ਕਰੀਬ ਇਕ ਸਾਲ ਪਹਿਲਾਂ ਜਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ 6 ਮਹੀਨਿਆਂ ਵਿਚ ਕੂੜਾ ਡੰਪ ਦਾ ਬਦਲਵਾਂ ਇੰਤਜ਼ਾਮ ਕੀਤਾ ਜਾਵੇ, ਪਰ ਪ੍ਰਸ਼ਾਸਨ ਵਲੋਂ ਇਸ ਦਾ ਹੱਲ ਲੱਭਣ ਦੀ ਲਗਾ ਸ਼ਹਿਰ ਨੂੰ ਹੀ ਕੂੜਾ ਡੰਪ ਬਣਾ ਕੇ ਰੱਖ ਦਿੱਤਾ ਹੈ ਜੋ ਕਿ ਬਹੁਤ ਹੀ ਮੰਦ ਭਾਗਾ ਹੈ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਦੋ ਦਿਨ ਵਿਚ ਸ਼ਹਿਰ ਵਿਚੋਂ ਕੂੜੇ ਦੇ ਢੇਰ ਨੂੰ ਖਤਮ ਨਾ ਕੀਤਾ ਗਿਆ ਤਾਂ ਮਾਨਯੋਗ ਹਾਈ ਕੋਰਟ ਦੇ ਹੁਕਮ ਅਦੁਲੀ ਦੇ ਇਸ ਮਾਮਲੇ ਸਬੰਧੀ ਸਬੰਧਿਤ ਮੰਤਰੀ ਤੇ ਸ਼ਹਿਰ ਦੇ ਮੇਅਰ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਾਰਟੀ ਬਣਾ ਕੇ ਅਦਾਲਤ ਤੱਕ ਪਹੁੰਚ ਕੀਤੀ ਜਾਵੇਗੀ।ਟਰੱਸਟ ਦੇ ਪ੍ਰਧਾਨ ਸ: ਮਨਮੋਹਨ ਸਿੰਘ ਨੇ ਕਿਹਾ ਕਿ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਭਰ ਵਿਚ ਸਫਾਈ ਮੁਹਿੰਮ ਦਾ ਹੋਕਾ ਦੇ ਰਹੇ ਹਨ ਉਥੇ ਸ਼ਹਿਰ ਦੇ ਉਕਤ ਭਾਜਪਾ ਆਗੂਆਂ ਵਲੋਂ ਸ਼ਹਿਰ ਨੂੰ ਗੰਦਾ ਕਰਨ ਦੀ ਮੁਹਿੰਮ ਅਰੰਭੀ ਹੋਈ ਹੈ ਤੇ ਟਰੱਸਟ ਵਲੋਂ ਇਸ ਨਖਿੱਧ ਕਾਰਗੁਜ਼ਾਰੀ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਵੀ ਰਾਬਤਾ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media