ਵਿਦਿਆਰਥੀਆਂ ਨੂੰ ਮਾਘੀ ਦੀ ਮਹੱਤਤਾ ਬਾਰੇ ਦੱਸਿਆ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) _ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ
ਕਾਲਜ ਫਾਰ ਵੂਮੈਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੁਮੈਨ ਵਿਖੇ ਸਰਦ ਰੁੱਤ ਦਾ ਤਿਉਹਾਰ ਲੋਹੜੀ ਉਤਸ਼ਾਹ ਨਾਲ ਮਨਾਈ ਗਈ ।
ਵੂਮੈਨ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਪਿ੍ਰੰ: ਨਾਨਕ ਸਿੰਘ ਨੇ ਆਪਣੇ-ਆਪਣੇ ਭਾਸ਼ਣਾਂ ਰਾਹੀਂ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਅਤੇ ਮਾਘੀ ਮੇਲੇ ਦੀ ਮਹੱਤਤਾ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ 40 ਮੁਕਤਿਆਂ ਨਾਲ ਹੈ, ਜੋ ਬੇਦਾਵਾ ਦੇ ਕੇ ਗਏ ਸਨ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ’ਚ ਲੋਕਾਂ ਨੇ ਤਿਉਹਾਰਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ, ਇਸ ਲਈ ਜਰੂਰਤ ਹੈ ਕਿ ਇਸ ਦੇ ਪੁਰਾਤਨ ਸਰੂਪ ਨੂੰ ਕਾਇਮ ਰੱਖਣ ਲਈ ਵਿੱਦਿਅਕ ਸੰਸਥਾਵਾਂ ’ਚ ਅਜਿਹੇ ਤਿਉਹਾਰ ਮਨਾਏ ਜਾਣ।
ਉਨਾਂ ਕਿਹਾ ਕਿ ਪੰਜਾਬ ਦੇ ਹਰੇਕ ਤਿਉਹਾਰ ਪਿੱਛੇ ਇਥੋਂ ਦੇ ਸਮਾਜ ਅਤੇ ਸੱਭਿਆਚਾਰ ਨਾਲ ਸਬੰਧਿਤ ਕੋਈ ਨਾ ਕੋਈ ਤ ਥ ਜੁੜਿਆ ਹੋਇਆ ਹੈ ਜਿਵੇਂ ਕਿ ਪੰਜਾਬ ’ਚ ਲੋਹੜੀ ਦੇ ਮੌਕੇ ਜ਼ਿਆਦਾਤਰ ਕਿਸਾਨਾਂ ਕੋਲ ਸਮਾਂ ਹੁੰਦਾ ਸੀ।ਜਿਸ ਵਿੱਚ ਉਹ ਇਕ ਤਾਂ ਠੰਢ ਤੋਂ ਬਚਣ ਲਈ ਅੱਗ ਦਾ ਭੁੱਗਾ ਬਾਲਦੇ ਸਨ ਅਤੇ ਮੁੰਗਫ਼ਲੀ, ਰਿਊੜੀਆਂ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਸਨ।ਕਿਸੇ ਦੇ ਘਰ ਲੜਕੇ ਦਾ ਜਨਮ ਹੋਣ ਜਾਂ ਵਿਆਹ ਦੀ ਖੁਸ਼ੀ ’ਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ।ਉਨਾਂ ਕਿਹਾ ਕਿ ਸਮੇਂ ਦੇ ਬਦਲਣ ਨਾਲ ਅੱਜਕਲ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ, ਜੋ ਕਿ ਸਮਾਜ ਦੀ ਬਦਲਦੀ ਸੋਚ ਨੂੰ ਦਰਸਾਉਦੀ ਹੈ।ਉਕਤ ਵਿੱਦਿਅਕ ਸੰਸਥਾਵਾਂ ਦੇ ਸਮੂਹ ਸਟਾਫ਼ ਵਲੋਂ ਲੋਹੜੀ ਨਾਲ ਸਬੰਧਿਤ ਵਿਚਾਰ, ਲੋਕ ਗੀਤ ਅਤੇ ਟੱਪੇ ਸੁਣਾ ਕੇ ਵਿਦਿਆਰਥੀਆਂ ਦਾ ਮਨੋਰਜ਼ਨ ਕੀਤਾ ਗਿਆ।ਵਿਦਿਆਰਥੀਆਂ ਵਲੋਂ ਇਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਮੌਕੇ ਦੋਨੋ ਅਦਾਰਿਆਂ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media