ਕਰੀਬ 24 ਕਰੋੜ ਦੀ ਲਾਗਤ ਨਾਲ ਦੋ ਸੜ੍ਹਕਾਂ ਦੀ ਰਿਪੇਅਰ ਤੇ ਮਜ਼ਬੂਤੀ ਦੇ ਰੱਖੇ ਨੀਂਹ ਪੱਥਰ
ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸੜ੍ਹਕੀ ਢਾਂਚੇ ਨੂੰ
ਮਜ਼ਬੂਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ।ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਇਹ ਪ੍ਰਗਟਾਵਾ ਅੱਜ ਕਰੀਬ 23 ਕਰੋੜ 86 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਸੜ੍ਹਕਾਂ ਦੀ ਸਪੈਸ਼ਲ ਰਿਪੇਅਰ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ।
ਲੋਕ ਨਿਰਮਾਣ ਮੰਤਰੀ ਨੇ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਤਰਸਿੱਕਾ, ਭੱਟੀਕੇ, ਸੈਦਪੁਰ, ਮਹਿਸਮਪੁਰ ਕਲਾਂ, ਕੋਹਾਟਵਿੰਡ, ਉਦੋਨੰਗਲ, ਸੜ੍ਹਕ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਕਰੀਬ 11 ਕਰੋੜ ਦੀ ਲਾਗਤ ਨਾਲ ਸਪੈਸ਼ਲ ਰਿਪੇਅਰ ਕੰਮ ਦਾ ਨੀਂਹ ਪੱਥਰ ਰੱਖਿਆ।ਈ.ਟੀ.ਓ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 5054 ਆਰ.ਬੀ-10 ਸਕੀਮ ਅਧੀਨ ਪੈਂਦੀ ਸੜ੍ਹਕ ਦੀ ਲੰਬਾਈ 14.92 ਕਿਲੋਮੀਟਰ ਅਤੇ ਚੋੜਾਈ 18 ਫੁੱਟ ਹੈ ਅਤੇ ਇਸ ਕੰਮ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਆਉਂਦੇ 9 ਮਹੀਨੇ ਦੇ ਅੰਦਰ ਅੰਦਰ ਕੰਮ ਮੁਕੰਮਲ ਹੋ ਜਾਵੇਗਾ।ਈ.ਟੀ.ਓ ਨੇ ਦੱਸਿਆ ਕਿ ਇਸ ਪੂਰੀ ਸੜ੍ਹਕ ‘ਤੇ 50 ਐਮ.ਐਮ.ਬੀ.ਐਮ ਅਤੇ 25 ਐਮ.ਐਮ.ਐਸ.ਡੀ.ਬੀ.ਸੀ ਪਾਈ ਜਾਵੇਗੀ।ਰਿਹਾਇਸ਼ੀ ਇਲਾਕਿਆਂ ਵਿੱਚ ਸੜ੍ਹਕ ਦੇ ਨਾਲ-ਨਾਲ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾਣਗੀਆਂ ਤੇ ਮਹਿਸਮਪੁਰ, ਸੈਦਪੁਰ ਅਤ ਜਲਾਲ ਉਸਮਾਂ ਵਿਖੇ ਬੱਸ ਸਟਾਪ ਦੀ ਉਸਾਰੀ ਵੀ ਕੀਤੀ ਜਾਵੇਗੀ।
ਈ.ਟੀ.ਓ ਵਲੋਂ ਨਾਥ ਦੀ ਖੂਹੀ ਤੋਂ ਧਰਮੂਚੱਕ ਤੋਂ ਸੈਦਪੁਰ ਤੋਂ ਤਰਸਿੱਕਾ ਜਬੋਵਾਲ ਸੜ੍ਹਕ ਤੱਕ ਡਿਸਟਰੀਬਿਊਟਰੀ ਦੇ ਨਾਲ ਨਾਲ ਸੜ੍ਹਕ ਦੀ ਅਪਗਰੇਡੇਸ਼ਨ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ।ਇਸ ਸੜ੍ਹਕ ਦੇ ਅਪਗਰੇਡੇਸ਼ਨ ਕੰਮ ‘ਤੇ ਲਗਭਗ 12 ਕਰੋੜ ਖਰਚ ਆਉਣਗੇ।ਸੜ੍ਹਕ ਦੀ ਲੰਬਾਈ 10.16 ਕਿਲੋਮੀਟਰ ਹੈ ਅਤੇ ਚੌੜਾਈ 12 ਫੁੱਟ ਹੈ।, ਜਿਸ ਨੂੰ ਕਿ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ ਤੇ ਰਿਹਾਇਸ਼ੀ ਇਲਾਕਿਆਂ ਵਿਚ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾਣਗੀਆਂ।ਇਸ ਤੋਂ ਇਲਾਵਾ ਅੰਮ੍ਰਿਤਸਰ-ਮਹਿਤਾ ਸੜ੍ਹਕ ਉਪਰ ਮੌਜ਼ੂਦ ਪਿੰਡ ਨਾਥ ਦੀ ਖੂਹੀ ਵਿਖੇ ਬੱਸ ਸਟਾਪ ਦੀ ਉਸਾਰੀ ਵੀ ਕੀਤੀ ਜਾਵੇਗੀ।ਪਿੰਡ ਵਾਸੀਆਂ ਵਲੋਂ ਈ.ਟੀ.ਓ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਮੈਡਮ ਸੁਹਿੰਦਰ ਕੌਰ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਐਸ.ਡੀ.ਐਮ. ਬਾਬਾ ਬਕਾਲਾ ਅਮਨਪ੍ਰੀਤ ਸਿੰਘ, ਬਲਾਕ ਪ੍ਰਧਾਨ ਜਰਮਨ ਜੀਤ ਸਿੰਘ ਉਦੋਨੰਗਲ, ਗੁਰਜਿੰਦਰ ਕੋਹਾਟ ਵਿੰਡ, ਲਖਵਿੰਦਰ ਸਿੰਘ, ਰਣਜੀਤ ਸ਼ਾਹ, ਰੁਪਿੰਦਰ ਸਿੰਘ ਰਮਾਨਾ ਚੱਕ, ਦਵਿੰਦਰ ਨੰਗਲੀ, ਅਜੈ ਗਾਂਧੀ, ਪੀ.ਐਸ.ਪੀ.ਸੀ.ਐਲ, ਪੀ.ਡਬਲਯੂ.ਡੀ ਦੇ ਸਾਰੇ ਐਸ.ਈ ਅਤੇ ਐਕਸੀਐਨ ਅਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
Punjab Post Daily Online Newspaper & Print Media