
ਨਵੀਂ ਦਿੱਲੀ, 1 ਜਨਵਰੀ (ਅੰਮ੍ਰਿਤ ਲਾਲ ਮੰਨਣ) – ਡਾ. ਜਸਪਾਲ ਸਿੰਘ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ. ਤਰਲੋਚਨ ਸਿੰਘ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸਨ ਤੇ ਸਾਬਕਾ ਐਮ.ਪੀ ਬੀਤੇ ਦਿਨ ਜ. ਮਨਜੀਤ ਸਿੰਘ ਜੀ. ਕੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਦਫਤਰ ਵਿੱਚ ਆਏ, ਜਿਥੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਆਇਆਂ ਆਖ ਕੇ ਉਨ੍ਹਾਂ ਦਾ ਸੁਆਗਤ ਅਤੇ ਸਨਮਾਨ ਕੀਤਾ। ਸ.ਪਰਮਜੀਤ ਸਿੰਘ ਰਾਣਾ ਨੇ ਉਨ੍ਹਾਂ ਨੂੰ ਕਮੇਟੀ ਵਲੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਸ. ਰਾਣਾ ਨੇ ਉਨ੍ਹਾਂ ਨੂੰ ਦੱਸਿਆ ਕਿ ਹਾਲ ਵਿੱਚ ਹੀ ਗੁਰਦੁਆਰਾ ਕਮੇਟੀ ਵਲੋਂ ਦਰਬਾਰ ਸਾਹਿਬ ਦੇ ਕੀਰਤਨੀਏ ਭਾਈ ਮਨਸ਼ਾ ਸਿੰਘ ਜੀ ਦੀ ਯਾਦ ਵਿੱਚ ਖਾਲਸਾ ਸਕੂਲਾਂ ਦੇ ਵਿਦਿਆਰਥੀਆਂ ਦਾ ਕੀਰਤਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸਾਹ ਨਾਲ ਹਿਸਾ ਲਿਆ। ਸ. ਰਾਣਾ ਨੇ ਉਨ੍ਹਾਂ ਨੂੰ ਹੋਰ ਦਸਿਆ ਕਿ 14 ਜਨਵਰੀ ਤੋਂ ਰਾਤ 9.30 ਤੇ ਚੜ੍ਹਦੀਕਲਾ ਟਾਈਮ ਟੀਵੀ ਤੇ ਸਹਿਜ ਪਾਠ ਦੀ ਲੜੀਵਾਰ ਅਰੰਭਤਾ ਕੀਤੀ ਜਾ ਰਹੀ ਹੈ ਅਤੇ ਇਸਦੇ ਨਾਲ ਹੀ 12 ਜਨਵਰੀ ਤੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਤੈ ਬਲਵੰਡ ਦੀ ਵਾਰ ਦੀ ਵਿਆਖਿਆ ਸਹਿਤ ਲੜੀਵਾਰ ਕਥਾ ਦੀ ਅਰੰਭਤਾ ਹੋਵੇਗੀ।ਉਨ੍ਹਾਂ ਨੇ ਇਨ੍ਹਾਂ ਮੁਖੀਆਂ ਨੂੰ ਹੋਰ ਦਸਿਆ ਕਿ 17 ਜਨਵਰੀ ਨੂੰ ਭਾਈ ਘਨੱਈਆ ਜੀ ਦੀ ਯਾਦ ਵਿੱਚ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਵਿਦਵਾਨ ਮੁਖੀਆਂ ਨੇ ਧਰਮ ਪ੍ਰਚਾਰ ਕਮੇਟੀ ਵਲੋਂ ਪੰਥ ਦੀਆਂ ਵਿਸਾਰੀਆਂ ਪੰਥਕ ਸ਼ਖਸੀਅਤਾਂ ਦੀ ਯਾਦ ਵਿੱਚ ਸੈਮੀਨਾਰ ਕਰਵਾਏ ਜਾਣ, ਭਗਤ ਬਾਣੀ ਦੇ ਰਚਨਾਕਾਰ ਭਗਤਾਂ ਦੀ ਯਾਦ ਮੰਨਾਉਣ, ਨਿਤਨੇਮ ਦੀਆਂ ਬਾਣੀਆਂ ਦੀ ਲੜੀਵਾਰ ਕਥਾ ਕਰਵਾਉਣ ਅਤੇ ਬੀਬੀਆਂ ਦੇ ਕੀਰਤਨੀ ਜਥਿਆਂ ਦੇ ਮੁਕਾਬਲੇ ਕਰਵਾ ਉਨ੍ਹਾਂ ਨੂੰ ਉਤਸਾਹਿਤ ਕਰਨ ਆਦਿ ਦੇ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਇਤਨੇ ਵਿਸਥਾਰਤ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਉਲੀਕੇ ਤੇ ਅਮਲ ਵਿੱਚ ਲਿਆਂਦੇੇ ਜਾ ਰਹੇ ਹਨ। ਇਨ੍ਹਾਂ ਵਿਦਵਾਨ ਮੁਖੀਆਂ ਨੇ ਆਸ ਪ੍ਰਗਟ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕਈ ਮੀਲ ਪੱਥਰ ਸਥਾਪਤ ਕਰਨ ਅਤੇ ਦੂਸਰੀਆਂ ਧਾਰਮਕ ਜਥੇਬੰਦੀਆਂ ਦਾ ਮਾਰਗ ਦਰਸ਼ਨ ਕਰਨ ਵਿੱਚ ਵਿਸ਼ੇਸ਼ ਅਤੇ ਪ੍ਰਸ਼ੰਸਾਯੋਗ ਭੁਮਿਕਾ ਨਿਭਾਉਣ ਵਿੱਚ ਸਫਲ ਹੋਵੇਗੀ। ਸ. ਪਰਮਜੀਤ ਸਿੰਘ ਰਾਣਾ ਨੇ ਡਾ. ਜਸਪਾਲ ਸਿੰਘ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ਅਤੇ ਦਸਿਆ ਕਿ ਉਹ ਸਮੇਂ-ਸਮੇਂ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਉਨ੍ਹਾਂ ਨੂੰ ਸੇਧ ਦੇਣ ਦੇ ਨਾਲ ਹੀ ਉਨ੍ਹਾਂ ਨੁੰ ਬਹੁਮੁੱਲਾ ਸਹਿਯੋਗ ਦਿੰਦੇ ਅਤੇ ਉਤਸ਼ਾਹਿਤ ਕਰਦੇ ਰਹਿੰਦੇ ਹਨ।
Punjab Post Daily Online Newspaper & Print Media