Monday, June 8, 2026

ਗੁ: ਬੁਰਜ ਅਕਾਲੀ ਫੂਲਾ ਸਿੰਘ ਜੀ ਵਿਖੇ 201 ਅਖੰਡ ਪਾਠਾਂ ਦੀ ਸੰਪੂਰਨਤਾ ਹੋਈ

ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ) – ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪਿਛਲੇ ਦੋ ਸਾਲ ਤੋਂ ਸ਼ਹੀਦੀ ਸ਼ਤਾਬਦੀ ਦੀ ਅਰੰਭਤਾ ਤੇ ਸੰਪੂਰਨਤਾ ਨੂੰ ਸਮਰਪਿਤ ਗੁਰਮਤਿ ਸਮਾਗਮ ਲਗਾਤਾਰ ਚੱਲਦੇ ਰਹੇ ਹਨ।ਸੁਖਮਨੀ ਸਾਹਿਬ ਦੇ ਪਾਠ ਜਾਪ ਅਤੇ 201 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਅੱਜ ਭੋਗ ਪਏ ਅਤੇ ਸ਼ੁਕਰਾਨੇ ਦੀ ਅਰਦਾਸ ਉਪਰੰਤ ਸਾਰੇ ਸਮਾਗਮ ਸਫਲਤਾ ਪੂਰਵਕ ਸਫਲ ਸੰਪਨ ਹੋ ਗਏ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਸਿੰਘ ਸਾਹਿਬ ਗਿ. ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਿਧਾਂਤ ਸਿੱਖਿਆਵਾਂ ਨੁੰ ਸਾਨੂੰ ਸਾਰਿਆਂ ਨੂੰ ਅਮਲੀ ਤੌਰ ‘ਤੇ ਅਪਨਾਉਣ ਦੀ ਲੋੜ ਹੈ।
ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੱਜ 201 ਅਖੰਡ ਪਾਠਾਂ ਦੇ ਭੋਗ ਉਪਰੰਤ ਸੰਗਤੀ ਰੂਪ ਵਿੱਚ ਸ਼ੁਕਾਰਨੇ ਦੀ ਅਰਦਾਸ ਬਾਬਾ ਬੂਟਾ ਸਿੰਘ ਲੰਬਵਾਲੀ ਨੇ ਕੀਤੀ।ਉਨ੍ਹਾਂ ਕਿਹਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਧਰਮ ਦੀ ਚੜ੍ਹਦੀਕਲਾ, ਪ੍ਰਚਾਰ, ਪ੍ਰਸਾਰ ਨੂੰ ਪ੍ਰਚੰਡ ਕਰਨ ਲਈ ਦੇਸ ਵਿਦੇਸ ਵਿੱਚ ਵਿਸ਼ਾਲ ਪੱਧਰ ‘ਤੇ ਧਰਮ ਪ੍ਰਚਾਰ ਲਹਿਰ ਪ੍ਰਚੰਡ ਕੀਤੀ ਹੈ।ਉਨ੍ਹਾਂ ਕਿਹਾ ਕਿ 5 ਮਈ 2023 ਨੂੰ ਅਰੰਭ ਹੋਏ, 201 ਸ੍ਰੀ ਅਖੰਡ ਪਾਠਾਂ ਦੇ ਭੋਗ ਸਮੇਂ ਸ਼ੁਕਰਾਨੇ ਦੀ ਅਰਦਾਸ ਸੰਗਤੀ ਰੂਪ ਵਿੱਚ ਹੋਈ ਹੈ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਵਿਸ਼ਵ ਵਿੱਚ ਬੁੱਢਾ ਦਲ ਦੇ ਨਿਸ਼ਾਨ ਝੂਲ ਰਹੇ ਹਨ, ਵੱਖ-ਵੱਖ ਦੇਸ਼ਾਂ ਅੰਦਰ ਬੁੱਢਾ ਦਲ ਦੀਆਂ ਛਾਉਣੀਆਂ ਸਥਾਪਤ ਕਰਨ ਦਾ ਗੁਰਮਤਾ ਪਾਸ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਅਮਰੀਕਾ ਦੇ ਸ਼ਹਿਰ ਇੰਡਿਆਨਾ ਵਿਖੇ ਦਸ ਏਕੜ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਤਾਬਦੀ ਮੌਕੇ ਬੁੱਢਾ ਦਲ ਦੀ ਛਾਉਣੀ ਸਥਾਪਤ ਕੀਤੀ ਗਈ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅਤੇ ਬਾਬਾ ਮਨਮੋਹਣ ਸਿੰਘ ਬਾਰਨਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਸੰਗਤੀ ਰੂਪ ਵਿੱਚ ਜਪੁਜੀ ਸਾਹਿਬ ਦੇ ਪਾਠ ਜਾਪ ਕੀਤੇ।ਸੁਖਮਨੀ ਸੇਵਾ ਸੁਸਾਇਟੀ ਜਥਿਆਂ ਦੇ ਮੁਖੀਆਂ ਨੂੰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਨਮਾਨਿਤ ਕੀਤਾ।
ਬੁੱਢਾ ਦਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ, ਗਿ. ਅਮਰਜੀਤ ਸਿੰਘ, ਬਾਬਾ ਨਾਗਰ ਸਿੰਘ, ਬਾਬਾ ਗੁਰਮੇਲ ਸਿੰਘ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਇੰਦਰਬੀਰ ਸਿੰਘ ਸਤਲਾਣੀ, ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਭਾਈ ਗੁਰਪ੍ਰੀਤ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਵੀ ਸਨਮਾਨਿਤ ਕੀਤਾ।

 

Check Also

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੱਜੇ ਜਲੌ …