ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਦੂਰਦਰਸ਼ਨ ਦਿਵਸ ਦੀ 65ਵੀਂ ਵਰ੍ਹੇਗੰਢ
‘ਤੇ ‘ਲੋਗੋ ਮੇਕਿੰਗ ਅਤੇ ਕਰੈਕਟਰ ਡਿਜ਼ਾਈਨਿੰਗ’ ਮੁਕਾਬਲਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੂਰਦਰਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੀ ਸਫਲਤਾ ਤੱਕ ਦੀ ਕਹਾਣੀ ਅਤੇ ਕਿਰਦਾਰਾਂ ਬਾਰੇ ਜਾਣੂ ਕਰਵਾਉਣਾ ਸੀ।
ਵਿਭਾਗ ਕੋਆਰਡੀਨੇਟਰ ਪ੍ਰੋ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੂਰਦਰਸ਼ਨ ’ਤੇ ਮਹੱਤਵਪੂਰਨ ਤੱਥਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਲੈਕ ਐਂਡ ਵਾਈਟ ਪ੍ਰਸਾਰਣ ਦੇ ਯੁੱਗ ਤੋਂ ਲੈ ਕੇ ਇਸ ਦੇ ਨੈਟਵਰਕ ’ਚ 35 ਚੈਨਲ ਹਨ, ਦੂਰਦਰਸ਼ਨ ’ਚ 6 ਰਾਸ਼ਟਰੀ, 28 ਖੇਤਰੀ ਅਤੇ 1 ਅੰਤਰਰਾਸ਼ਟਰੀ ਚੈਨਲ ਸ਼ਾਮਲ ਹੈ।ਉਨ੍ਹਾਂ ਵਿਦਿਆਰਥੀਆਂ ’ਚ ਰਚਨਾਤਮਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀ।
ਪ੍ਰੋ. ਜਸਪ੍ਰੀਤ ਕੌਰ ਨੇ ਵਿਭਾਗ ਮੁਖੀ ਡਾ. ਸਾਨੀਆ ਮਰਵਾਹਾ ਨਾਲ ਮਿਲ ਕੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੰਦਿਆਂ ਇਨਾਮ ਤਕਸੀਮ ਕੀਤੇ।ਮੁਕਾਬਲੇ ’ਚ ਬੀ.ਏ.ਜੇ.ਐਮ.ਸੀ (ਤੀਜਾ ਸਮੈਸਟਰ) ਦੀ ਸ਼ੀਤਲ ਧਵਨ ਨੇ ਪਹਿਲਾ, ਪਹਿਲੇ ਸਮੈਸਟਰ ਦੀ ਰੋਮਨਜੀਤ ਕੌਰ ਨੇ ਦੂਜਾ ਅਤੇ ਪਹਿਲੇ ਸਮੈਸਟਰ ਦੀ ਸ਼੍ਰੇਆ ਅਰੋੜਾ ਨੇ ਤੀਜਾ ਇਨਾਮ ਪ੍ਰਾਪਤ ਕੀਤਾ।ਜਦਕਿ ਬੀ.ਏ ਐਨੀਮੇਸ਼ਨ ਅਤੇ ਫੋਟੋਗ੍ਰਾਫੀ (ਸਮੈਸਟਰ ਪਹਿਲਾ) ਦੇ ਅਕਾਸ਼ਦੀਪ ਸਿੰਘ, ਬੀ.ਏ.ਜੇ.ਐਮ.ਸੀ (ਸਮੈਸਟਰ ਤੀਜਾ) ਦੀ ਰੌਸ਼ਨੀ ਅਤੇ ਬੀ.ਏ.ਜੇ.ਐਮ.ਸੀ (ਸਮੈਸਟਰ ਪਹਿਲਾ) ਦੀ ਮਹਿਕ ਰਾਜਪੂਤ ਨੂੰ ਹੌਸਲਾ ਅਫ਼ਜ਼ਾਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਸੁਰਭੀ ਸ਼ਰਮਾ, ਪ੍ਰੋ. ਭਾਵਨੀ ਖੰਨਾ, ਪ੍ਰੋ. ਜਾਹਨਵੀ ਰਾਜਪੂਤ, ਪ੍ਰੋ. ਹਰੀ ਸਿੰਘ ਤੇ ਪ੍ਰੋ. ਜਸਕੀਰਤ ਸਿੰਘ ਵੀ ਹਾਜ਼ਰ ਸਨ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media