ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਸੋਸ਼ਲ ਮੀਡੀਆ ਦੇ ਦੌਰ ’ਚ ਸਾਈਬਰ ਧੱਕੇਸ਼ਾਹੀ
ਅਤੇ ਇਸ ਦੀ ਸੁਰੱਖਿਆ ਦੇ ਸਮਾਜਿਕ ਪਰਿਪੇਖ ਨੂੰ ਉਘਾੜਨ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਦੀ ਸਰਪ੍ਰਸਤੀ ਅਧੀਨ ਅਤੇ ਪ੍ਰੋ: ਜਸਪ੍ਰੀਤ ਕੌਰ ਡੀਨ ਹਿਊਮੈਨੀਟੀ ਦੀ ਅਗਵਾਈ ਹੇਠ ਆਯੋਜਿਤ ਇਸ ਮਹੱਤਵਪੂਰਨ ਵਿਸ਼ੇ ’ਤੇ ਗੱਲਬਾਤ ਕਰਨ ਲਈ ਡਾ: ਰਚਨਾ ਸ਼ਰਮਾ ਸਹਾਇਕ ਪ੍ਰੋਫੈਸਰ ਸਮਾਜ ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਸਨ।
ਪ੍ਰਿੰ: ਡਾ: ਕਾਹਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਈਬਰ ਠੱਗੀਆਂ ਲਗਾਤਾਰ ਵਧ ਰਹੀਆਂ ਹਨ।ਇਸ ਬਾਰੇ ਸਮਾਜ ਨੂੰ ਜਾਗਰੂਕ ਕਰਵਾਉਣਾ ਬਹੁਤ ਜਰੂਰੀ ਹੈ।ਡਾ: ਰਚਨਾ ਨੇ ਸਾਈਬਰ ਠੱਗੀ ਅਤੇ ਧੱਕੇਸ਼ਾਹੀ ਦੀ ਦੁਨੀਆਂ ਬਾਰੇ ਜਾਣਕਾਰੀ ਦਿੰਦਿਆਂ ਵੱਖ-ਵੱਖ ਸੋਸ਼ਲ ਮੀਡੀਆ ਸਾਈਟਾਂ ਬਾਰੇ ਦੱਸਿਆ, ਜਿਸ ਰਾਹੀਂ ਉਨ੍ਹਾਂ ਨਾਲ ਠੱਗੀ ਵੱਜ ਸਕਦੀ ਹੈ।ਉਨ੍ਹਾਂ ਨੇ ਐਨ.ਸੀ.ਆਰ.ਬੀ ਦੁਆਰਾ ਇਕੱਠਾ ਕੀਤਾ ਡਾਟਾ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਿਸ ਵਿੱਚ ਵੱਖ-ਵੱਖ ਕਿਸਮ ਦੀ ਠੱਗੀ ਧੋਖੇਸ਼ਾਹੀ ਦਾ ਵਰਣਨ ਸੀ।
ਡਾ: ਸ਼ਰਮਾ ਨੇ ਸਾਈਬਰ ਧੱਕੇਸ਼ਾਹੀ ਦੀ ਧਾਰਨਾ ਅਤੇ ਇਹ ਵੱਖ-ਵੱਖ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਕਿਵੇਂ ਕੀਤੀ ਜਾਂਦੀ ਹੈ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਐਨ.ਸੀ.ਆਰ.ਬੀ ਦੇ ਅੰਕੜਿਆਂ ਦਾ ਹਵਾਲਾ ਦਿੱਤਾ, ਜੋ ਸਾਈਬਰ ਧੱਕੇਸ਼ਾਹੀ ਦੇ ਹਾਲੀਆ ਝਾਨਾਂ ਜਿਵੇਂ ਕਿ ਸਾਈਬਰ ਸਟਾਕਿੰਗ, ਮਾਨਹਾਨੀ, ਸਾਈਬਰ ਬਲੈਕਮੇਲਿੰਗ, ਜਾਅਲੀ ਖ਼ਬਰਾਂ ਆਦਿ ਨੂੰ ਉਜਾਗਰ ਕਰਦੇ ਹਨ।ਉਨ੍ਹਾਂ ਇਸ ਸਮੱਸਿਆ ਦੇ ਹੱਲ ਸਬੰਧੀ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੇ ਡਿਜੀਟਲ ਦੁਰਵਿਵਹਾਰ ਦੀ ਰਿਪੋਰਟ ਕਰਨ ਲਈ ਸਾਈਬਰ ਸੈਲਾਂ ਦੇ ਗਠਨ ਵਰਗੀਆਂ ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ।ਇਸ ਦੇ ਨਾਲ ਹੀ ਉਨ੍ਹਾਂ ਨੂੰ ਟੈਲੀ ਮਾਨਸ ਨਾਮਕ ਇੱਕ ਹੈਲਪਲਾਈਨ ਤੋਂ ਜਾਣੂ ਕਰਵਾਇਆ ਜੋ ਕਿ ਆਨਲਾਈਨ ਧੱਕੇਸ਼ਾਹੀ ਦੇ ਸ਼ਿਕਾਰ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਕੰਮ ਕਰਦੀ ਹੈ।
ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਮਹਿਮਾਨ ਬੁਲਾਰੇ ਨੇ ਵਿਦਿਆਰਥੀਆਂ ਦੇ ਨਿੱਜੀ ਸਵਾਲਾਂ ਦੇ ਜਵਾਬ ਦਿੱਤੇ।ਸਮਾਜ ਵਿਗਿਆਨ ਵਿਭਾਗ ਦੇ ਇੰਚਾਰਜ਼ ਡਾ: ਸੁਖਬੀਰ ਸਿੰਘ ਨੇ ਮਹਿਮਾਨ ਬੁਲਾਰੇ ਅਤੇ ਡਾ: ਜਸਦੀਪ ਕੌਰ ਅਤੇ ਡਾ: ਭਾਰਤੀ ਜਸਰੋਟੀਆ ਸਮੇਤ ਪ੍ਰਬੰਧਕੀ ਕਮੇਟੀ ਦੇ ਹੋਰ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਸਮਾਜਿਕ ਵਿਗਿਆਨ ਦੇ ਹੋਰ ਫੈਕਲਟੀ ਮੈਂਬਰਾਂ ਮਾਨਵ ਸ਼ਰਮਾ, ਦੀਕਸ਼ਾ ਸ਼ਰਮਾ, ਰੂਪਕੰਵਲ ਕੌਰ, ਸਮਰਦੀਪ ਕੌਰ, ਸੰਦੀਪ ਕੌਰ, ਡਾ: ਹਰਮਨਦੀਪ ਕੌਰ ਦਾ ਮੌਜ਼ੂਦਗੀ ਲਈ ਧੰਨਵਾਦ ਕੀਤਾ।
Punjab Post Daily Online Newspaper & Print Media