ਪੂਰਨ ਚੰਦ ਵਡਾਲੀ ਨੇ ਪਰੰਪਰਾਗਤ ਢੰਗ ਨਾਲ ਗਾਈ ਹੀਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਨਾਲੇ ਰੋਵਦਾਂ ਤੇ ਨਾਲੇ ਗਾਂਵਦਾ ਈ ਹੀਰ ਦਾ ਗਾਇਨ’ ਵਿਸ਼ੇ ਤਹਿਤ ਸਮਾਗਮ ਕਰਵਾਇਆ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਦੀ ਯੋਗ ਅਗਵਾਈ ਅਤੇ ਕਾਲਜ ਦੇ ਸੰਗੀਤ ਅਤੇ ਪੰਜਾਬੀ ਵਿਭਾਗ ਵਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਸਮਾਗਮ ਦਾ ਆਰੰਭ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ, ਪ੍ਰਿੰ: ਡਾ: ਕਾਹਲੋਂ, ਪੰਜਾਬੀ ਵਿਭਾਗ ਮੁਖੀ ਡਾ: ਆਤਮ ਸਿੰਘ ਰੰਧਾਵਾ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਡਾਇਰੈਕਟਰ ਸਵਰਨਜੀਤ ਸਿੰਘ ਸਵੀ ਅਤੇ ਉਚੇਚੇ ਤੌਰ ’ਤੇ ਪਹੁੰਚੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੁਆਰਾ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ।
ਸਮਾਗਮ ਦੇ ਕਨਵੀਨਰ ਡਾ: ਰੰਧਾਵਾ ਨੇ ਕਿਹਾ ਕਿ ਇਹ ਮਹਾਂ ਉਤਸਵ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਦੀ ਨਵ-ਸਿਰਜਣਾ ਲਈ ਮਹਿੰਦਰ ਸਿੰਘ ਰੰਧਾਵਾ, ਡਾ: ਸੁਰਜੀਤ ਸਿੰਘ ਪਾਤਰ ਅਤੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦਾ ਮਕਬੂਲ ਸ਼ਾਇਰ ਵਾਰਿਸ ਸ਼ਾਹ ਕਿਸੇ ਵਿਸ਼ੇਸ਼ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ।ਹੀਰ ਵਾਰਿਸ ਦਾ ਕਿੱਸਾ ਪੰਜਾਬੀਆਂ ਦੇ ਵਿਰਸੇ ਦਾ ਅਨਿੱਖੜ ਅੰਗ ਹੋਣ ਕਰਕੇ ਪੰਜਾਬੀ ਜ਼ੁਬਾਨ ’ਤੇ ਬਾਤ ਵਾਂਗ ਯਾਦ ਹੈ।
ਡਾ: ਮਹਿਲ ਸਿੰਘ ਨੇ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਸਿਵਲ ਅਧਿਕਾਰੀ ਹੋਣ ਦੇ ਨਾਲ-ਨਾਲ ਪੰਜਾਬੀ ਸਾਹਿਤ ਜਗਤ ਵਿੱਚ ਆਪਣੇ ਯੋਗਦਾਨ ਕਾਰਨ ਵਿਲੱਖਣ ਪਹਿਚਾਣ ਦੇ ਧਾਰਨੀ ਹਨ।ਉਨ੍ਹਾਂ ਨੇ ਭਾਰਤ ਦੀ ਵੰਡ ਦੇ ਉਜੜੇ ਪੰਜਾਬੀਆਂ ਦੇ ਮੁੜ ਵਸੇਬੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਪਦਮਸ਼ਰੀ ਡਾ: ਸੁਰਜੀਤ ਪਾਤਰ ਨੇ ਆਪਣੀਆਂ ਮੌਲਿਕ ਕਵਿਤਾਵਾਂ ਰਾਹੀਂ ਆਮ ਲੋਕਾਂ ਦੇ ਜਨਜੀਵਨ ਨਾਲ ਜੁੜ੍ਹੀਆਂ ਸਮੱਸਿਅਵਾਂ ਨੂੰ ਪੇਸ਼ ਕਰਕੇ ਆਪਣੇ ਪ੍ਰਸੰਸਕਾਂ ਅਤੇ ਆਲੋਚਕਾਂ ਪਾਸੋਂ ਵਿਸ਼ੇਸ਼ ਪ੍ਰਸੱਧੀ ਹਾਸਲ ਕੀਤੀ ਹੈ।ਅਜੋਕੀਆਂ ਕਾਵਿ ਮਹਿਫਲਾਂ ਦਾ ਰੰਗ ਸੁਰਜੀਤ ਪਾਤਰ ਦੀ ਸ਼ਾਇਰੀ ਦੇ ਜਿਕਰ ਤੋਂ ਬਿਨਾਂ ਫਿੱਕਾ ਲਗਦਾ ਹੈ।
ਸਵਰਨਜੀਤ ਸਿੰਘ ਸਵੀ ਨੇ ਅਜੋਕੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੀ ਗਾਇਕੀ ਦੇ ਬਦਲਦੇ ਝਾਨ ਪ੍ਰਤੀ ਵਿਚਾਰ ਪੇਸ਼ ਕੀਤੇ।ਇਹ ਸਮਾਗਮ ਇਸੇ ਲੜੀ ਇੱਕ ਹਿੱਸਾ ਹੈ।ਆਪਣੀ ਕਾਵਿ ਰਚਨਾ ਦੁਆਰਾ ਉਹਨਾਂ ਨੇ ਅੱਜ ਦੇ ਸਮਾਜ ਦੀਆਂ ਸਮੱਸਿਆਵਾਂ ਨੂੰ ਕਾਵਿਕ ਅੰਦਾਜ਼ ਵਿੱਚ ਪੇਸ਼ ਕੀਤਾ।
ਇਸ ਸਮਾਗਮ ਵਿੱਚ ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਹੀਰ ਵਾਰਿਸ ਦੇ ਕਲਾਮ ਅਤੇ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਸੁਰੀਲੇ ਅਤੇ ਜੋਸ਼ੀਲੇ ਢੰਗ ਨਾਲ ਪੇਸ਼ ਕਰਕੇ ਸਮਾਗਮ ਦਾ ਮੁੱਢ ਬੰਨਿਆ।ਪੰਜਾਬੀ ਸੰਗੀਤ ਕਲਾ ਦੇ ਖੇਤਰ ਵਿੱਚ ਉਭਰਦੀ ਅਤੇ ਨੌਜੁਆਨ ਪੀੜ੍ਹੀ ਵਿੱਚ ਮਕਬੂਲ ਪ੍ਰਸਿੱਧ ਪੰਜਾਬੀ ਗਾਇਕਾ ਅਮਨ ਸੂਫੀ ਨੇ ਆਪਣੇ ਨਿਵੇਕਲੇ ਅੰਦਾਜ਼ ਨਾਲ ਸਰੋਤਿਆਂ ਸਾਹਮਣੇ ਗਾਇਕੀ ਦੇ ਰੰਗ ਬਿਖੇਰੇ।
ਸਮਾਗਮ ਦਾ ਸਿਖਰ ਭਾਰਤੀ ਸੰਗੀਤ ਕਲਾ ਦੇ ਖੇਤਰ ਵਿੱਚ ਪੰਜਾਬੀ ਗਾਇਕੀ ਅਤੇ ਸੂਫ਼ੀ ਗਾਇਨ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਅਤੇ ਲੰਮੇ ਸਮੇਂ ਤੋਂ ਆਪਣੀ ਵਿਰਾਸਤੀ ਗਾਇਕੀ ਦੇ ਫਨ ਨੂੰ ਬਰਕਰਾਰ ਰੱਖਦੇ ਹੋਇਆਂ ਸਰੋਤਆਂ ਨੂੰ ਵਿਰਾਸਤੀ ਪਰੰਪਰਾ ਨਾਲ ਜੋੜਨ ਵਾਲੇ ਪੰਜਾਬੀ ਗਾਇਕੀ ਦੇ ਪ੍ਰਸਿੱਧ ਸੂਫ਼ੀ ਗਾਇਕ ਪਦਮ ਸ੍ਰੀ ਪੂਰਨ ਚੰਦ ਵਡਾਲੀ ਦੇ ਗਾਇਨ ਨਾਲ ਹੋਇਆ। ਉਹਨਾਂ ਨੇ ਵਾਰਿਸ ਦੀ ਹੀਰ ਗਾਉਂਦਿਆਂ ਆਪਣੀ ਕਲਾ ਦਾ ਮੁਜਾਹਰਾ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ।ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਇਆ ਗਿਆ।