Saturday, March 14, 2026

ਯੂ.ਜੀ.ਸੀ ਵਿਸ਼ੇਸ਼ ਕਮੇਟੀ ਵੱਲੋਂ ਯੂਨੀਵਰਸਿਟੀ ਦਾ ਦੌਰਾ

ਦਿਵਿਆਂਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਕੀਤੀ ਜਾਂਚ
ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਵਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਦਾ ਨਿਰੀਖਣ ਕੀਤਾ ਅਤੇ ਦਿਵਿਆਂਗ ਵਿਦਿਆਰਥੀਆਂ, ਖੋਜ਼ਕਰਤਾਵਾਂ ਅਤੇ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।ਕਮੇਟੀ ਦੇ ਕੋਆਰਡੀਨੇਟਰ ਡਾ. ਜੀ.ਐਸ ਚੌਹਾਨ, ਸੰਯੁਕਤ ਸਕੱਤਰ, ਯ.ੂਜੀ.ਸੀ ਨਵੀਂ ਦਿੱਲੀ ਤੋਂ ਇਲਾਵਾ ਇਗਨੂ ਨਵੀਂ ਦਿੱਲੀ ਤੋਂ ਪ੍ਰੋ. ਪ੍ਰਮੋਦ ਮਹਿਰਾ, ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਲੋਕੇਸ਼ ਗੁਪਤਾ (ਪ੍ਰਤੀਨਿਧੀ ਦਿਵਿਆਂਗ) ਸ਼ਾਮਲ ਸਨ।ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ, ਕੇਂਦਰੀ ਲਾਇਬ੍ਰੇਰੀ, ਪ੍ਰਬੰਧਕੀ ਇਮਾਰਤ, ਸਿਹਤ ਕੇਂਦਰ, ਗੈਸਟ ਹਾਊਸ, ਹੋਸਟਲ, ਖੇਡ ਦੇ ਮੈਦਾਨ, ਆਡੀਟੋਰੀਅਮ, ਲੈਕਚਰ ਥੀਏਟਰ ਕੰਪਲੈਕਸ ਆਦਿ ਦਾ ਨਿਰੀਖਣ ਕੀਤਾ।ਕਮੇਟੀ ਨੇ ਯੂਨੀਵਰਸਿਟੀ ਦੇ ਦਿਵਿਆਂਗ ਵਿਦਿਆਰਥੀਆਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ਼ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਸਕੇ ਅਤੇ ਸੁਝਾਅ ਪ੍ਰਾਪਤ ਕੀਤੇ ਜਾ ਸਕਣ।ਕਮੇਟੀ ਨੇ ਇਸ ਸਬੰਧ ‘ਚ ਯੂਨੀਵਰਸਿਟੀ ਦੇ ਸਾਰੇ ਵਿਭਾਗ ਮੁਖੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਦੇਸ਼ ਭਰ ਦੀਆਂ 33 ਯੂਨੀਵਰਸਿਟੀਆਂ ਦਾ ਦੌਰਾ ਕਰਨ ਤੋਂ ਬਾਅਦ, ਕਮੇਟੀ ਨੂੰ ਆਪਣੀ ਰਿਪੋਰਟ ਯੂ.ਜੀ.ਸੀ ਨੂੰ ਸੌਂਪਣੀ ਪੈਂਦੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਇਨ੍ਹਾਂ ਸੰਸਥਾਵਾਂ ਵਿੱਚ ਸ਼ਾਮਲ ਹੈ।ਕਮੇਟੀ ਦੀ ਰਿਪੋਰਟ ਦੇ ਆਧਾਰ `ਤੇ, ਨੇੜਲੇ ਭਵਿੱਖ ਵਿੱਚ ਦਿਵਿਆਂਗ ਵਿਦਿਆਰਥੀਆਂ, ਖੋਜ਼ਕਰਤਾਵਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹੋਰ ਵੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਇਸ ਲਈ ਯੂ.ਜੀ.ਸੀ ਵਲੋਂ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ।ਯੂਨੀਵਰਸਿਟੀ ਦੇ ਸਮਾਨ ਅਵਸਰ ਸੈਲ (ਦਿਵਿਆਂਗ) ਦੇ ਨੋਡਲ ਅਧਿਕਾਰੀ ਅਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਸੁਨੀਲ ਨੇ ਕਮੇਟੀ ਮੈਂਬਰਾਂ ਨੂੰ ਯੂਨੀਵਰਸਿਟੀ ਵੱਲੋਂ ਇਸ ਖੇਤਰ ਵਿੱਚ ਚੁੱਕੇ ਗਏ ਜ਼ਰੂਰੀ ਕਦਮਾਂ ਅਤੇ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਾਇਸ ਚਾਂਸਲਰ, ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਹੇਠ ਸੰਸਥਾ ਦਿਵਿਆਂਗ ਲੋਕਾਂ ਨੂੰ ਰੁਕਾਵਟ-ਮੁਕਤ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ, ਨੋਡਲ ਅਫ਼ਸਰ ਪ੍ਰੋ. ਸੁਨੀਲ, ਪ੍ਰੋ. ਸੰਦੀਪ ਸ਼ਰਮਾ, ਡਾ. ਪ੍ਰਤੀਕ ਭਗਤ, ਰੋਹਿਨ ਕੌਸ਼ਿਕ ਤੇ ਪ੍ਰਵੀਨ ਪੁਰੀ ਆਦਿ ਮੌਜ਼ੂਦ ਸਨ।

 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …