Thursday, June 25, 2026

ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਦੇ ਖਾਤਮੇ ਲਈ ਚਲਾਈ ਗਈ ਵਿਸ਼ੇਸ਼ ਜਾਗਰੂਕਤਾ ਮੁਹਿੰਮ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਕੁਸ਼ਟ ਜਾਗਰੂਕਤਾ ਮੁਹਿੰਮ ਦੌਰਾਨ ਵੱਖ-ਵੱਖ ਨਰਸਿੰਗ ਕਾਲਜਾਂ ਵਿੱਚ ਜਾਦੂਗਰ ਸ਼ੋਅ ਕਰਵਾ ਕੇ ਕੁਸ਼ਟ ਰੋਗ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ।ਇਹਨਾਂ ਕਾਲਜਾਂ ਵਿੱਚ ਮਦਨ ਲਾਲ ਢੀਂਗਰਾ ਸਰਕਾਰੀ ਨਰਸਿੰਗ ਸਕੂਲ ਗੌਰਮੈਂਟ ਮੈਡੀਕਲ ਕਾਲਜ ਆਫ ਨਰਸਿੰਗ ਅਤੇ ਸੀ.ਕੇ.ਡੀ ਨਰਸਿੰਗ ਕਾਲਜ ਸ਼ਾਮਿਲ ਹਨ।ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਰਾਹੀਂ ਆਮ ਲੋਕਾਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਰੋਗ ਦੇ ਲੱਛਣਾਂ ਬਾਰੇ ਸਭ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਇਸ ਰੋਗ ਦੇ ਲੱਛਣਾਂ ਵਾਲਾ ਮਰੀਜ਼ ਮਿਲਣ ‘ਤੇ ਜਾਂਚ ਪੜਤਾਲ ਕਰਕੇ ਸਰਕਾਰੀ ਸਿਹਤ ਕੇਂਦਰ ਤੇ ਜਲਦੀ ਤੋਂ ਜਲਦੀ ਇਲਾਜ਼ ਲਈ ਭੇਜਿਆ ਜਾ ਸਕੇ।ਇਸ ਮੁਹਿੰਮ ਦੌਰਾਨ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਕੋਈ ਅਜਿਹਾ ਨਿਸ਼ਾਨ ਜਿਸ ਦਾ ਰੰਗ ਲਾਲ ਚਿੱਟਾ ਜਾਂ ਤਾਂਬੇ ਰੰਗ ਦਾ ਹੋਵੇ, ਜਿਸ ‘ਤੇ ਛੋਹ ਮਹਿਸੂਸ ਨਾ ਹੁੰਦੀ ਹੋਵੇ ਅਤੇ ਠੰਡਾ ਗਰਮ ਵੀ ਨਾ ਮਹਿਸੂਸ ਹੁੰਦਾ ਹੋਵੇ, ਇਸ ਦੇ ਨਾਲ ਹੀ ਹੱਥਾਂ ਪੈਰਾਂ ‘ਤੇ ਆਪਣੇ ਆਪ ਛਾਲੇ ਪੈ ਕੇ ਜਖਮ ਹੋ ਜਾਣਾ ਇਹ ਸਾਰੀਆਂ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ ਹਨ।ਇਸ ਦਾ ਇਲਾਜ਼ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ।
ਇਸ ਅਵਸਰ ਤੇ ਜਿਲ੍ਹਾ ਲੈਪਰੋਸੀ ਅਫਸਰ ਡਾ. ਹਰਪ੍ਰੀਤ ਕੌਰ, ਜਿਲਾ ਐਮ.ਆਈ.ਓ ਅਮਰਦੀਪ ਸਿੰਘ, ਲੈਪਰੋਸੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਲੈਪਰੋਸੀ ਸੁਪਰਵਾਈਜ਼ਰ ਮਨਿੰਦਰ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …